ਕੈਨੇਡਾ ਪਹੁੰਚਣ 'ਤੇ ਅਫਰੀਕਾ, ਕੈਰੇਬੀਅਨ ਤੇ ਮੱਧ ਪੂਰਬੀ ਦੇਸ਼ਾਂ ਦੇ ਲੋਕਾਂ ਦੀ ਹੁੰਦੀ ਹੈ ਦੁਹਰੀ ਜਾਂਚ
ਕੈਨੇਡਾ ਪਹੁੰਚਣ ਵਾਲੇ ਅਫਰੀਕਾ ਅਤੇ ਕੈਰੇਬੀਆਈ ਮੁਲਕਾਂ ਦੇ ਨਾਗਰਿਕਾਂ ਦੀ ਪਿਛਲੇ ਸਾਲ ਵੀ ਕਸਟਮ ਅਧਿਕਾਰੀਆਂ ਵੱਲੋਂ ਵਧੇਰੇ ਜਾਂਚ ਕੀਤੀ ਗਈ
ਓਟਾਵਾ— ਕੈਨੇਡਾ ਵਿਚ ਸਿਆਹ ਨਸਲ ਦੇ ਲੋਕਾਂ ਦੀ ਏਅਰਪੋਰਟ ਤੇ ਪਹੁੰਚਣ ਤੇ ਹੁੰਦੀ ਹੈ ਆਮ ਨਾਲੋਂ ਜ਼ਿਆਦਾ ਸਕਰੀਨਿੰਗ। ਕੈਨੇਡਾ ਵਲੋਂ ਉਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਸਮਾਨ ਦੀ ਵਧੇਰੇ ਜਾਂਚ ਅਤੇ ਪੁੱਛਗਿੱਛ ਕੀਤੀ ਜਾਂਦੀ ਹੈ, ਜਿਹੜੇ ਮੱਧ ਪੂਰਬ ਅਤੇ ਜਿਨ੍ਹਾਂ ਦੇਸ਼ਾਂ 'ਚ ਸਿਆਹ ਨਸਲ ਦੇ ਲੋਕ ਜ਼ਿਆਦਾ ਰਹਿੰਦੇ ਹਨ। ਏਅਰਪੋਰਟ ਪੈਸੈਂਜਰ ਅਰਾਈਵਲ ਰਿਕਾਰਡਜ਼ ਦੱਸਦੇ ਹਨ ਕਿ ਕੈਨੇਡਾ ਬਾਰਡਰ ਸਰਵਿਸ ਏਜੰਟਜ਼ (ਸੀ.ਬੀ.ਐਸ.ਏ.) ਅਜਿਹੇ ਦੇਸ਼ਾਂ ਦੇ ਲੋਕਾਂ ਦੀ ਸਕਰੀਨਿੰਗ ਵੱਲ ਘੱਟ ਧਿਆਨ ਦਿੰਦੀ ਹੈ ਜਿਥੋਂ ਦੇ ਯਾਤਰੀ ਬਹੁਤਾ ਕਰਕੇ ਗੋਰੇ ਹੁੰਦੇ ਹਨ।
ਕੈਨੇਡਾ ਪਹੁੰਚਣ ਵਾਲੇ ਅਫਰੀਕਾ ਅਤੇ ਕੈਰੇਬੀਆਈ ਮੁਲਕਾਂ ਦੇ ਨਾਗਰਿਕਾਂ ਦੀ ਪਿਛਲੇ ਸਾਲ ਵੀ ਕਸਟਮ ਅਧਿਕਾਰੀਆਂ ਵੱਲੋਂ ਵਧੇਰੇ ਜਾਂਚ ਕੀਤੀ ਗਈ। ਇਹ ਜਾਂਚ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨਾਲੋਂ ਚਾਰ ਗੁਣਾ ਜ਼ਿਆਦਾ ਰਹੀ। ਕਸਟਮ ਮਾਮਲਿਆਂ ਕਰਕੇ ਮੱਧ ਪੂਰਬੀ ਮੁਲਕਾਂ ਦੇ 13 ਫ਼ੀਸਦੀ ਯਾਤਰੀਆਂ ਅਤੇ ਅਫਰੀਕੀ ਜਾਂ ਕੈਰੇਬੀਆਈ ਦੇਸ਼ਾਂ ਦੇ 11 ਫ਼ੀਸਦੀ ਨਾਗਰਿਕਾਂ ਦੀ ਜਾਂਚ ਵਧੇਰੇ ਹੋਈ ਤੇ ਇਸ ਦੌਰਾਨ ਯੂਰੋਪ ਦੇ ਸਿਰਫ 2.7 ਫ਼ੀਸਦੀ ਨਾਗਰਿਕਾਂ ਦੀ ਹੀ ਕਸਟਮ ਜਾਂਚ ਦੁਬਾਰਾ ਕੀਤੀ ਗਈ। ਸੀ.ਬੀ.ਐਸ.ਏ. ਵਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਨਸਲੀ ਅਧਾਰ 'ਤੇ ਅਜਿਹਾ ਕੀਤਾ ਜਾਂਦਾ ਹੈ।
ਸੀ.ਬੀ.ਐਸ.ਏ. ਦੇ ਬੁਲਾਰੇ ਜੇਅਡਨ ਰੌਬਰਟਸਨ ਨੇ ਇਕ ਈ-ਮੇਲ 'ਚ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਸਮੇਤ ਸਾਰੇ ਵਿਅਕਤੀ, ਜਿਹੜੇ ਕੈਨੇਡਾ ਦਾਖਲ ਹੋਣਾ ਚਾਹੁੰਦੇ ਹਨ, ਉਨ੍ਹਾਂ 'ਤੇ ਇਕੋ ਜਿਹੇ ਨਿਯਮ ਅਤੇ ਕਾਨੂੰਨ ਲਾਗੂ ਹੁੰਦੇ ਹਨ। ਨਿਯਮਾਂ ਤੇ ਰੈਗੂਲੇਸ਼ਨਜ਼ ਲਈ ਕਿਸੇ ਦੇਸ਼ ਦੀ ਨਾਗਰਿਕਤਾ, ਨਸਲ ਜਾਂ ਲਿੰਗ ਨੂੰ ਅਧਾਰ ਨਹੀਂ ਬਣਾਇਆ ਜਾ ਸਕਦਾ। ਦੂਜੇ ਪੱਧਰ ਦੀ ਜਾਂਚ ਕਰੌਸ ਬਾਰਡਰ ਟਰੈਵਲ ਪ੍ਰਕਿਰਿਆ ਦਾ ਹੀ ਹਿੱਸਾ ਹੈ।