ਪਹਿਲੀ ਵਾਰ ਨਿਜੀ ਕੰਪਨੀ ਸਪੇਸਐਕਸ ਨੇ ਦੋ ਪੁਲਾੜ ਯਾਤਰੀਆਂ ਨੂੰ ਪੁਲਾੜ ਕੇਂਦਰ ਭੇਜਿਆ
ਐਲਨ ਮਸਕ ਦੀ ਸਪੇਸਐਕਸ ਕੰਪਨੀ ਵਲੋਂ ਬਣਾਏ ਰਾਕੇਟ ਨੇ ਕੌਮਾਂਤਰੀ ਪੁਲਾੜ ਕੇਂਦਰ (ਆਈ.ਐਸ.ਐਸ) ਵਲ ਵਧ ਰਹੇ ਨਾਸਾ ਦੇ
ਵਾਸਿੰਗਟਨ, 31 ਮਈ : ਐਲਨ ਮਸਕ ਦੀ ਸਪੇਸਐਕਸ ਕੰਪਨੀ ਵਲੋਂ ਬਣਾਏ ਰਾਕੇਟ ਨੇ ਕੌਮਾਂਤਰੀ ਪੁਲਾੜ ਕੇਂਦਰ (ਆਈ.ਐਸ.ਐਸ) ਵਲ ਵਧ ਰਹੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਫਲੋਰੀਡਾ ਤੋਂ ਸਨਿਚਰਵਾਰ ਨੂੰ ਸਫ਼ਲਤਾਪੂਰਵਕ ਪੁਲਾੜ ਕੇਂਦਰ ਭੇਜਿਆ। ਇਹ ਪੇਸ਼ੇਵਰ ਪੁਲਾੜ ਯਾਤਰਾ ਦੇ ਇਤਿਹਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਹੈ। ਫਲੋਰੀਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਹੋਇਆ ਇਹ ਰਾਕੇਟ ਲਾਂਚ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਇਹ ਲਗਭਗ ਇਕ ਦਹਾਕੇ 'ਚ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਧਰਤੀ ਤੋਂ ਮਨੁੱਖਾਂ ਨੂੰ ਪੁਲਾੜ ਕੇਂਦਰ ਭੇਜਿਆ ਗਿਆ ਹੈ।
ਨਾਸਾ ਦੇ ਪੁਲਾੜ ਯਾਤਰੀ ਬਾਬ ਬੇਹਕੇਨ (49) ਅਤੇ ਡੋਗ ਹਰਲੇ (53) ਨੂੰ ਲੈ ਕੇ ਸਪੇਸਐਕਸ ਕਰੂ ਡ੍ਰੈਗਨ ਪੁਲਾੜ ਯਾਨ ਨੇ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ਲਾਂਚਿੰਗ ਸੇਂਟਰ ਤੋਂ ਕੰਪਨੀ ਦੇ ਫਾਲਕਨ 9 ਰਾਕੇਟ ਰਾਹੀਂ 3 ਵਜ ਕੇ 22 ਮਿੰਟ 'ਤੇ ਉਡਾਨ ਭਰੀ। ਇਸ ਲਾਂਚਿੰਗ ਦੇ ਨਾਲ ਹੀ ਸਪੇਸਐਕਸ ਪਹਿਲੀ ਨਿੱਜੀ ਕੰਪਨੀ ਬਣ ਗਈ ਹੈ ਜਿਸ ਨੇ ਮਨੁੱਖ ਨੂੰ ਪੁਲਾੜ ਕੇਂਦਰ 'ਚ ਭੇਜਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਤਿੰਨ ਸਰਕਾਰਾਂ ਅਮਰੀਕਾ, ਰੂਸ ਅਤੇ ਚੀਨ ਨੂੰ ਇਹ ਉਪਲਬਧੀ ਹਾਸਲ ਹੈ। ਮੁੜ ਵਰਤੇ ਜਾਣ ਵਾਲੇ ਇਸ ਯਾਨ ਦਾ ਨਾਂ ਕਰੂ ਡ੍ਰੈਗਨ ਹੈ ਜੋ ਹੁਣ ਅਮਰੀਕੀ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਕੇਂਦਰ ਦੇ 19 ਘੰਟੇ ਦੇ ਸਫਰ 'ਤੇ ਲੈ ਜਾਵੇਗਾ। ਇਹ ਪੁਲਾੜ ਯਾਨ ਐਤਵਾਰ ਨੂੰ ਸਵੇਰੇ 10 ਵਜ ਕੇ 29 ਮਿੰਟ 'ਤੇ ਆਈ.ਐਸ.ਐਸ 'ਤੇ ਹੋਵੇਗਾ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਖ਼ਰਾਬ ਮੌਸਮ ਕਾਰਨ ਇਹ ਲਾਂਚਿੰਗ ਟਾਲ ਦਿਤੀ ਗਈ ਸੀ। (ਪੀਟੀਆਈ)
ਟਰੰਪ ਨੇ ਕਿਹਾ, ਨਵੇਂ ਯੁੱਗ ਦੀ ਹੋਈ ਸ਼ੁਰੂਆਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਫਲ ਲਾਂਚਿੰਗ ਦੇ ਬਾਅਦ ਕਿਹਾ,''ਮੈਂ ਇਹ ਐਲਾਨ ਕਰਦਿਆਂ ਰੋਮਾਂਚਿਤ ਹਾਂ ਕਿ ਸਪੇਸ ਐਕਸ ਡ੍ਰੈਗਨ ਕੈਪਸੂਲ ਸਫ਼ਲਤਾਪੂਰਵਕ ਧਰਤੀ ਦੇ ਪੰਧ ਵਿਚ ਪਹੁੰਚ ਗਿਆ ਹੈ। ਸਾਡੇ ਪੁਲਾੜ ਯਾਤਰੀ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਲਾਂਚ ਦੇ ਨਾਲ, ਸਾਲਾਂ ਤੋਂ ਗਵਾਚੇ ਅਤੇ ਘੱਟ ਕਾਰਵਾਈ ਦਾ ਦੌਰ ਅਧਿਕਾਰਤ ਤੌਰ 'ਤੇ ਖ਼ਤਮ ਹੋ ਗਿਆ ਹੈ। ਇਹ ਅਮਰੀਕੀ ਇੱਛਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ।''
ਨਾਸਾ ਦੇ ਪ੍ਰਬੰਧਕ ਜਿਮ ਬ੍ਰਾਈਡੇਨਸਟੀਨ ਨੇ ਮਿਸ਼ਨ ਦੀ ਸਫਲਤਾ 'ਤੇ ਟਵੀਟ ਕੀਤਾ। ਉਹਨਾਂ ਨੇ ਟਵਿੱਟਰ 'ਤੇ ਲਿਖਿਆ ਹੈ,''9 ਸਾਲ ਵਿਚ ਪਹਿਲੀ ਵਾਰ ਹੁਣ ਅਸੀਂ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਰਾਕੇਟ ਦੇ ਜ਼ਰੀਏ ਅਮਰੀਕਾ ਦੀ ਧਰਤੀ ਤੋਂ ਭੇਜਿਆ ਹੈ। ਮੈਨੂੰ ਨਾਸਾ ਅਤੇ ਸਪੇਸ ਐਕਸ ਟੀਮ 'ਤੇ ਮਾਣ ਹੈ ਜਿਸ ਨੇ ਸਾਨੂੰ ਇਸ ਪਲ ਨੂੰ ਦੇਖਣ ਦਾ ਮੌਕਾ ਦਿਤਾ ਹੈ। ਇਹ ਇਕ ਬਹੁਤ ਵੱਖਰੇ ਤਰ੍ਹਾਂ ਦੀ ਤਜਰਬਾ ਹੈ ਜਦੋਂ ਤੁਸੀਂ ਅਪਣੀ ਟੀਮ ਨੂੰ ਇਸ ਰਾਕੇਟ 'ਤੇ ਦੇਖਦੇ ਹੋ।