ਭਾਰਤੀ ਮੂਲ ਦੀ ਵਿਗਿਆਨੀ ਕੋਰੋਨਾ ਦੀ ਵੈਕਸੀਨ ਬਣਾਉਣ ਵਾਲੀ ਟੀਮ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲੱਭਣ ਦੇ ਪ੍ਰਾਜੈਕਟ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਪੇਸ਼ੇਵਰਾਂ ਦੀ ਇਕ ਟੀਮ ਵਿਚ ਭਾਰਤੀ ਮੂਲ ਦੀ ਇਕ ਵਿਗਿਆਨੀ ਵੀ ਸ਼ਾਮਲ ਹੈ

Chandrabali Dutta

ਵਾਸ਼ਿੰਗਟਨ, 31 ਮਈ : ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲੱਭਣ ਦੇ ਪ੍ਰਾਜੈਕਟ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਪੇਸ਼ੇਵਰਾਂ ਦੀ ਇਕ ਟੀਮ ਵਿਚ ਭਾਰਤੀ ਮੂਲ ਦੀ ਇਕ ਵਿਗਿਆਨੀ ਵੀ ਸ਼ਾਮਲ ਹੈ। ਭਾਰਤੀ ਮੂਲ ਦੀ ਵਿਗਿਆਨੀ ਚੰਦਰਬਾਲੀ ਦਤਾ ਦਾ ਕਹਿਣਾ ਹੈ ਕਿ ਉਹ ਇਸ ਮਨੁੱਖਤਾਵਾਦੀ ਕੰਮ ਨਾਲ ਜੁੜ ਕੇ ਸਨਮਾਨਤ ਮਹਿਸੂਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦੁਨੀਆਂ ਭਰ ਦੀਆਂ ਉਮੀਦਾਂ ਇਸ ਵੈਕਸੀਨ ਦੇ ਨਤੀਜੇ ਨਾਲ ਜੁੜੀਆਂ ਹੋਈਆਂ ਹਨ।

ਕੋਲਕਾਤਾ 'ਚ ਪੈਦਾ ਹੋਈ ਚੰਦਰਾਬਾਲੀ ਦੱਤਾ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਵਿਚ ਕਲੀਨਿਕਲ ਬਾਇਓਮੇਨੋਫੈਕਚਰਿੰਗ ਫੈਸਿਲਟੀ ਵਿਚ ਕੰਮ ਕਰਦੀ ਹੈ। ਜਿਥੇ 'ਸੀ.ਐੱਚ.ਏ.ਡੀ.ਓ.ਐਕਸ1, ਐੱਨ.ਸੀ.ਓ.ਵੀ-19' ਨਾਮ ਦੇ ਵੈਕਸੀਨ ਦੇ ਮਨੁੱਖੀ ਪਰੀਖਣਾਂ ਦੇ ਦੂਜੇ ਅਤੇ ਤੀਜੇ ਪੜਾਅ ਦਾ ਪਰੀਖਣ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ਨੂੰ ਖਤਰਨਾਕ ਵਾਇਰਸ ਨਾਲ ਲੜਨ ਲਈ ਇਕ ਸੰਭਾਵਿਤ ਹਥਿਆਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

34 ਸਾਲਾ ਦੱਤਾ ਇਥੇ ਗੁਣਵੱਤਾ ਅਸ਼ੋਰੈਂਸ ਪ੍ਰਬੰਧਕ ਦੇ ਰੂਪ ਵਿਚ ਕੰਮ ਕਰਦੀ ਹੈ। ਉਸ ਦਾ ਕੰਮ ਇਹ ਯਕੀਨੀ ਕਰਨਾ ਹੈ ਕਿ ਵੈਕਸੀਨ ਦੇ ਪਰੀਖਣ ਪੜਾਅ ਵਿਚ ਅੱਗੇ ਵਧਣ ਤੋਂ ਪਹਿਲਾਂ ਅਨੁਪਾਲਨ ਦੇ ਸਾਰੇ ਪੱਧਰ ਯਕੀਨੀ ਕੀਤੇ ਜਾਣ। ਦੱਤਾ ਨੇ ਕਿਹਾ ਕਿ ਅਸੀਂ ਸਾਰੇ ਲੋਕ ਆਸ ਕਰ ਰਹੇ ਹਾਂ ਕਿ ਇਹ ਅਗਲੇ ਪੜਾਅ ਵਿਚ ਸਹੀ ਢੰਗ ਨਾਲ ਕੰਮ ਕਰੇ। ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਵੈਕਸੀਨ 'ਤੇ ਟਿਕੀਆਂ ਹੋਈਆਂ ਹਨ। ਉਹਨਾਂ ਨੇ ਕਿਹਾ, ''ਇਸ ਪ੍ਰਾਜੈਕਟ ਨਾਲ ਜੁੜਨਾ ਮਨੁੱਖਤਾਵਾਦੀ ਕੰਮ ਨਾਲ ਜੁੜਨ ਵਾਂਗ ਹੈ। ਅਸੀਂ ਇਕ ਗ਼ੈਰ-ਲਾਭਕਾਰੀ ਸੰਗਠਨ ਹਾਂ ਅਤੇ ਇਸ ਵੈਕਸੀਨ ਨੂੰ ਸਫ਼ਲ ਬਣਾਉਣ ਲਈ ਰੋਜ਼ਾਨਾ ਕਈ ਘੰਟੇ ਮਿਹਨਤ ਕਰਦੇ ਹਾਂ। (ਪੀਟੀਆਈ)