ਪਾਕਿ ’ਚ ਲਾਪਤਾ ਸਿੱਖ ਨੌਜਵਾਨ ਤਿੰਨ ਮਹੀਨੇ ਬਾਅਦ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟ ਦੇ ਗੁਲਬਰਗ ਇਲਾਕੇ ਤੋਂ 28 ਫ਼ਰਵਰੀ ਨੂੰ ਅਗ਼ਵਾ ਕੀਤਾ ਗਿਆ ਸੀ।

Missing Sikh man in Pak found after three months |

ਪਿਸ਼ਾਵਰ : ਪਾਕਿਸਤਾਨ ਵਿਚ ਫ਼ਰਵਰੀ ਤੋਂ ਲਾਪਤਾ ਸਿੱਖ ਨੌਜਵਾਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪਾਕਿਸਤਾਨ ਵਿਚ ਅਪਣੇ ਘਰ ਤੋਂ ਅਗ਼ਵਾ ਕੀਤਾ ਗਿਆ ਸਿੱਖ ਨੌਜਵਾਨ ਤਿੰਨ ਮਹੀਨੇ ਬਾਅਦ ਦੇਸ਼ ਦੇ ਉਤਰ ਪੱਛਮ ਸਥਿਤ ਖੈਬਰ ਪਖ਼ਤੂਨਖਵਾ ਸੂਬੇ ਦੇ ਇਕ ਪਿੰਡ ਵਿਚ ਮਿਲਿਆ। ਅਗ਼ਵਾਕਾਰਾਂ ਨੇ ਕੁੱਟਮਾਰ ਕਰ ਕੇ ਉਸ ਦੀ ਬੁਰੀ ਹਾਲਤ ਕਰ ਦਿਤੀ ਹੈ। ਮਾਮਲੇ ਵਿਚ ਨਾਮਜ਼ਦ ਇਕ ਮਹਿਲਾ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟ ਦੇ ਗੁਲਬਰਗ ਇਲਾਕੇ ਤੋਂ 28 ਫ਼ਰਵਰੀ ਨੂੰ ਅਗ਼ਵਾ ਕੀਤਾ ਗਿਆ ਸੀ। ਉਹ ਸ਼ੁਕਰਵਾਰ ਨੂੰ ਕੋਹਾਟ ਜ਼ਿਲ੍ਹੇ ਦੇ ਲਾਚੀ ਤਹਿਸੀਲ ਦੇ ਕੋਲ ਇਕ ਪਿੰਡ ਵਿਚ ਮਿਲਿਆ। ਗੰਭੀਰ ਹਾਲਤ ਵਿਚ ਉਸ ਨੂੰ ਪੇਸ਼ਾਵਰ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪਰਵਾਰ ਦਾ ਕਹਿਣਾ ਹੈ ਕਿ ਅਗ਼ਵਾਕਾਰਾਂ ਦੀ ਕੁੱਟਮਾਰ ਨਾਲ ਨੌਜਵਾਨ ਬੇਸੁੱਧ ਹੋ ਚੁੱਕਾ ਹੈ। ਪਿਛਲੇ ਮਹੀਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੇਸ਼ਾਵਰ ਸ਼ਹਿਰ ਵਿਚ ਇਸ ਦੇ ਵਿਰੋਧ ਵਿਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪੇਸ਼ਾਵਰ ਦੇ ਐਸਐਸਪੀ ਯਾਸੀਰ ਅਫ਼ਰੀਦੀ ਅਤੇ ਐਸਪੀ ਸਿਟੀ ਅਤੀਕ ਸ਼ਾਹ ਨੇ ਹਸਪਤਾਲ ਵਿਚ ਸਿੱਖ ਨੌਜਵਾਨ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਸਿਹਤ ਦਾ ਜਾਇਜ਼ਾ ਲਿਆ।