ਅਫ਼ਗਾਨਿਸਤਾਨ ’ਚ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਡੁੱਬੀ, ਘੱਟੋ-ਘੱਟ 20 ਲੋਕਾਂ ਦੀ ਮੌਤ
ਕਿਸ਼ਤੀ ’ਚ 25 ਲੋਕ ਸਵਾਰ ਸਨ, ਸਿਰਫ 5 ਹੀ ਬਚ ਸਕੇ
ਇਸਲਾਮਾਬਾਦ: ਪੂਰਬੀ ਅਫਗਾਨਿਸਤਾਨ ’ਚ ਸਨਿਚਰਵਾਰ ਸਵੇਰੇ ਇਕ ਨਦੀ ਪਾਰ ਕਰਦੇ ਸਮੇਂ ਇਕ ਕਿਸ਼ਤੀ ਪਲਟ ਗਈ, ਜਿਸ ’ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਨੰਗਰਹਾਰ ਸੂਬੇ ਦੇ ਸੂਚਨਾ ਅਤੇ ਸਭਿਆਚਾਰ ਵਿਭਾਗ ਦੇ ਸੂਬਾਈ ਨਿਰਦੇਸ਼ਕ ਕੁਰੈਸ਼ੀ ਬਡਲੋਨ ਨੇ ਦਸਿਆ ਕਿ ਮੋਹਮੰਦ ਦਾਰਾ ਜ਼ਿਲ੍ਹੇ ’ਚ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਪਲਟਣ ਨਾਲ ਔਰਤਾਂ ਅਤੇ ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਬਡਲੋਨ ਨੇ ਦਸਿਆ ਕਿ ਕਿਸ਼ਤੀ ’ਚ 25 ਲੋਕ ਸਵਾਰ ਸਨ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ’ਚੋਂ ਸਿਰਫ 5 ਹੀ ਬਚੇ ਹਨ।
ਨੰਗਰਹਾਰ ਸਿਹਤ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤਕ ਇਕ ਮਰਦ, ਇਕ ਔਰਤ, ਦੋ ਲੜਕੇ ਅਤੇ ਇਕ ਲੜਕੀ ਸਮੇਤ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਕ ਮੈਡੀਕਲ ਟੀਮ ਅਤੇ ਐਂਬੂਲੈਂਸਾਂ ਨੂੰ ਇਲਾਕੇ ਵਿਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਇਹ ਨਹੀਂ ਦਸਿਆ ਕਿ ਹਾਦਸੇ ਦਾ ਕਾਰਨ ਕੀ ਹੈ। ਉਨ੍ਹਾਂ ਕਿਹਾ ਕਿ ਬਚਾਅ ਕਰਮੀ ਅਜੇ ਵੀ ਹੋਰ ਲਾਸ਼ਾਂ ਦੀ ਭਾਲ ਕਰ ਰਹੇ ਹਨ। ਖੇਤਰ ਦੇ ਵਸਨੀਕ ਅਕਸਰ ਪਿੰਡਾਂ ਅਤੇ ਸਥਾਨਕ ਬਾਜ਼ਾਰਾਂ ਵਿਚਕਾਰ ਸਫ਼ਰ ਕਰਨ ਲਈ ਸਥਾਨਕ ਤੌਰ ’ਤੇ ਬਣਾਈਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।