NewZealand News: ਹਾਏ ਓ ਰੱਬਾ! ਰੁਲ ਚੱਲੀਆਂ ਸੀ ਰੀਝਾਂ, ਕੁੱਤਾ ਖਾ ਗਿਆ ਵੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

NewZealand News: ਗਲਤ ਤਰੀਕੇ ਨਾਲ ਪਾਸਪੋਰਟ ਡਿਲੀਵਰ ਕਰਨ ਤੇ ਨਿਊਜ਼ੀਲੈਂਡ ਪੋਸਟ ਨੇ ਮੰਗੀ ਮਾਫ਼ੀ

Dog ate visa NewZealand News

Dog ate visa NewZealand News : ਨਿਊਜ਼ੀਲੈਂਡ ’ਚ ਡਾਕ ਵੰਡਣ ਦਾ ਕੰਮ ਵਾਲੀ ਸੰਸਥਾ ‘ਨਿਊਜ਼ੀਲੈਂਡ ਪੋਸਟ’ ਨੇ ਆਖ਼ਰ ਉਸ ਗੱਲ ਲਈ ਮਾਫ਼ੀ ਮੰਗ ਲਈ ਹੈ, ਜਿਸ ਕਾਰਨ ਇਕ ਵਿਅਕਤੀ ਦਾ ਪਾਸਪੋਰਟ ਤੇ ਵੀਜ਼ੇ ਵਾਲਾ ਲਿਫ਼ਾਫ਼ਾ ਘਰ ਦੇ ਕੁੱਤੇ ਦੇ ਗੇੜ ’ਚ ਆ ਗਿਆ ਸੀ ਅਤੇ ਕੁੱਤੇ ਨੇ ਉਸ ਦਾ ਇਕ ਹਿੱਸਾ ਚਬਾ ਲਿਆ ਸੀ।

ਦਰਅਸਲ ਦਿਤੇ ਨਿਰਦੇਸ਼ਾਂ ਦੇ ਅਧਾਰ ’ਤੇ ਇਹ ਪਾਸਪੋਰਟ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਦਸਤਖ਼ਤਾਂ ਤੋਂ ਬਿਨਾਂ ਡਿਲਿਵਰ ਨਹੀਂ ਕਰਨਾ ਬਣਦਾ ਸੀ, ਪਰ ਡਿਲੀਵਰੀ ਕਰਨ ਵਾਲੇ ਨੇ ਇਸ ਨੂੰ ਦਰਵਾਜ਼ੇ ਮੂਹਰੇ ਰੱਖ ਦਿਤਾ।  ਘਰ ਵਿਚ ਰੱਖੇ ਕੁੱਤੇ ਦੀ ਨਜ਼ਰ ਇਸ ਉਤੇ ਪੈ ਗਈ ਅਤੇ ਉਸ ਨੇ ਲਿਫ਼ਾਫ਼ਾ ਫਾੜ ਸੁਟਿਆ, ਪਾਸਪੋਰਟ ਇਕ ਖੂੰਜੇ ਤੋਂ ਚਬਾ ਲਿਆ ਅਤੇ ਯੂ.ਕੇ. ਵਰਕ ਵੀਜ਼ੇ ਵਾਲਾ ਸਟਿੱਕਰ ਵੀ ਖ਼ਰਾਬ ਹੋ ਗਿਆ।

ਨਿਊਜ਼ੀਲੈਂਡ ਪੋਸਟ ਨੇ ਪਹਿਲਾਂ ਇਸ ਦੇ ਲਈ ਅਪਣੀ ਗ਼ਲਤੀ ਨਹੀਂ ਮੰਨੀ ਅਤੇ ਕੋਈ ਦੇਣਦਾਰੀ ਦੇਣ ਤੋਂ ਇਨਕਾਰ ਕੀਤਾ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਇਹ ਕੁੱਤੇ ਦੇ ਮਾਲਕ ਦੀ ਗ਼ਲਤੀ ਹੈ। ਜਿਸ ਵਿਅਕਤੀ ਦਾ ਵਰਕ ਵੀਜ਼ਾ ਸੀ ਉਸ ਨੇ ਅਗਲੇ ਤਿੰਨ ਹਫ਼ਤੇ ’ਚ ਇੰਗਲੈਂਡ ਜਾਣਾ ਸੀ ਅਤੇ ਉਸ ਨੂੰ ਇਹ ਨਵੀਂ ਮੁਸੀਬਤ ਪੈ ਗਈ ਸੀ ਪਰ ਉਸ ਨੇ ਕਰ ਕਰਾ ਕੇ ਵੀਜ਼ਾ ਤਾਂ ਦੁਬਾਰਾ ਪ੍ਰਾਪਤ ਕਰ ਲਿਆ ਪਰ ਨਵਾਂ ਪਾਸਪੋਰਟ ਬਣਾਉਣ ਲਈ ਉਸ ਨੂੰ ਅਰਜੈਂਟ ਫ਼ੀਸ ਨਾਲ 430 ਡਾਲਰ ਖ਼ਰਚਣੇ ਪਏ।  

ਉਸ ਨੇ ਪੈਰਵੀ ਜਾਰੀ ਰੱਖੀ ਅਤੇ ਆਖ਼ਰ ਨਿਊਜ਼ੀਲੈਂਡ ਪੋਸਟ ਨੇ ਗ਼ਲਤੀ ਮੰਨਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੇਸ਼ਕਸ਼ ਕੀਤੀ। ਸੋ ਜਿਸ ਵਿਅਕਤੀ ਨੇ ਪੂਰੀ ਤਰ੍ਹਾਂ ਇੰਗਲੈਂਡ ਜਾਣ ਦੀ ਤਿਆਰੀ ਕੀਤੀ ਹੋਵੇ ਅਤੇ ਇਹ ਘਟਨਾ ਹੋ ਜਾਵੇ ਤਾਂ ਉਸ ਦੇ ਮੂੰਹੋਂ ਤਾਂ ਇਹੀ ਨਿਕਲੇਗਾ ਕਿ ‘ਹਾਏ ਓਏ ਰੱਬਾ, ਰੁਲ ਚੱਲੀਆਂ ਸੀ ਰੀਝਾਂ-ਕੁੱਤਾ ਖਾ ਗਿਆ ਵੀਜ਼ਾ।’

 ਔਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਰਿਪੋਰਟ