ਅਪਣੇ ਪੰਜ ਸਾਲਾ ਅਪਾਹਜ ਬੱਚੇ ਤੋਂ ਵੱਖ ਹੋਈ ਭਾਰਤੀ ਔਰਤ
ਅਮਰੀਕਾ 'ਚ ਮੈਕਸੀਕੋ ਸਰਹੱਦ ਪਾਰ ਕਰ ਕੇ ਆਏ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕੀਤੇ ਜਾਣ ਵਾਲਿਆਂ 'ਚ ਇਕ ਭਾਰਤੀ ਔਰਤ ਵੀ ਸ਼ਾਮਲ ਹੈ। ਇਸ ਔਰਤ ਨੂੰ ...
ਵਾਸ਼ਿੰਗਟਨ, ਅਮਰੀਕਾ 'ਚ ਮੈਕਸੀਕੋ ਸਰਹੱਦ ਪਾਰ ਕਰ ਕੇ ਆਏ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕੀਤੇ ਜਾਣ ਵਾਲਿਆਂ 'ਚ ਇਕ ਭਾਰਤੀ ਔਰਤ ਵੀ ਸ਼ਾਮਲ ਹੈ। ਇਸ ਔਰਤ ਨੂੰ 5 ਸਾਲ ਦੇ ਅਪਾਹਜ਼ ਬੱਚੇ ਤੋਂ ਵੱਖ ਕਰ ਦਿਤਾ ਗਿਆ ਹੈ। ਐਰੀਜ਼ੋਨਾ ਦੀ ਅਦਾਲਤ ਨੇ ਬੱਚੇ ਨੂੰ ਦੁਬਾਰਾ ਮਿਲਣ ਲਈ 30,000 ਡਾਲਰ ਦੀ ਜ਼ਮਾਨਤ ਰਾਸ਼ੀ ਨਿਰਧਾਰਤ ਕੀਤੀ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਉਹ ਅਪਣੇ ਪੁੱਤਰ ਨੂੰ ਮਿਲ ਪਾਵੇਗੀ ਜਾਂ ਨਹੀਂ।
ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਅਪਣੇ ਪੁੱਤਰ ਤੋਂ ਵਿਛੜਨ ਮਗਰੋਂ ਭਾਵਨਾ ਪਟੇਲ (33) ਦੀ ਹਾਲਤ ਠੀਕ ਨਹੀਂ ਹੈ। 'ਜ਼ੀਰੋ ਟਾਲਰੈਂਸ' ਨਾ ਕਰਨ ਦੀ ਨੀਤੀ ਤਹਿਤ ਕਿਸੇ ਭਾਰਤੀ ਨੂੰ ਉਸ ਦੇ ਬੱਚੇ ਤੋਂ ਵੱਖ ਕਰਨ ਦਾ ਇਹ ਪਹਿਲਾ ਮਾਮਲਾ ਹੈ। ਜ਼ਮਾਨਤੀ ਸੁਣਵਾਈ ਦੌਰਾਨ ਪਟੇਲ ਅਤੇ ਉਸ ਦੇ ਅਟਾਰਨੀ ਨੇ ਕਿਹਾ ਕਿ ਉਹ ਭਾਰਤ ਦੇ ਅਹਿਦਾਮਾਬਾਦ ਵਿਚ ਰਾਜਨੀਤਕ ਸ਼ੋਸ਼ਣ ਤੋਂ ਬਚਣ ਲਈ ਅਪਣੇ 5 ਸਾਲ ਦੇ ਬੱਚੇ ਨਾਲ ਯੂਨਾਨ ਗਈ। ਉਥੋਂ ਮੈਕਸੀਕੋ ਅਤੇ ਫਿਰ ਉਥੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਈ ਸੀ।
ਹਾਲ ਹੀ ਵਿਚ ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਵਾਸ਼ਿੰਗਟਨ, ਨਿਊ ਮੈਕਸੀਕੋ, ਓਰੇਗਨ ਅਤੇ ਪਨੇਸਿਲਵੇਨੀਆ ਦੀਆਂ ਜੇਲਾਂ 'ਚ 200 ਭਾਰਤੀ ਕੈਦ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਤੋਂ ਹਨ। ਵਾਸ਼ਿੰਗਟਨ ਡੀ.ਸੀ. 'ਚ ਭਾਰਤੀ ਸਫ਼ਾਰਤਖ਼ਾਨੇ ਅਤੇ ਨਿਊਯਾਰਕ, ਹਿਊਸਟਨ ਅਤੇ ਸਾਨ ਫ੍ਰਾਂਸਿਸਕੋ 'ਚ ਇਸ ਦੇ ਵਣਜ ਸਫ਼ਾਰਤਖ਼ਾਨੇ ਨੇ ਅਪਣੇ ਨਾਗਰਿਕਾਂ ਨੂੰ ਦੂਤਾਵਾਸ ਸਹਾਇਤਾ ਮੁਹੱਈਆ ਕਰਵਾਉਣ ਅਤੇ ਤੱਥਾਂ ਦਾ ਪਤਾ ਲਾਉਣ ਲਈ ਅਪਣੇ ਸੀਨੀਅਰ ਸਫ਼ੀਰਾਂ ਨੂੰ ਭੇਜਿਆ ਹੈ। (ਏਜੰਸੀ)