US President ਡੋਨਾਲਡ ਟਰੰਪ ਬੋਲੇ-ਚੀਨ ‘ਤੇ ਮੇਰਾ ਗੁੱਸਾ ਵਧਦਾ ਜਾ ਰਿਹਾ ਹੈ
ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤੀ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤੀ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਪੂਰੀ ਤਰ੍ਹਾਂ ਮਹਾਂਮਾਰੀ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਸਥਿਤੀ ਵਿਚ ਨਹੀਂ ਹਨ।
ਟਰੰਪ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਜਿਵੇਂ-ਜਿਵੇਂ ਮੈਂ ਪੂਰੀ ਦੁਨੀਆ ਵਿਚ ਮਹਾਂਮਾਰੀ ਦਾ ਬੇਕਾਰ ਰੂਪ ਫੈਲਦਾ ਦੇਖ ਰਿਹਾ ਹਾਂ, ਜਿਸ ਵਿਚ ਅਮਰੀਕਾ ਨੂੰ ਮਹਾਂਮਾਰੀ ਨਾਲ ਹੋਇਆ ਭਾਰੀ ਨੁਕਸਾਨ ਵੀ ਸ਼ਾਮਲ ਹੈ, ਉਸੇ ਤਰ੍ਹਾਂ ਚੀਨ ਖਿਲਾਫ ਮੇਰਾ ਗੁੱਸਾ ਵਧਦਾ ਜਾ ਰਿਹਾ ਹੈ’।ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਲਈ ਟਰੰਪ ਬੀਜਿੰਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਦੋਵੇਂ ਦੇਸ਼ਾਂ ਵਿਚ ਜਾਰੀ ਟਰੇਡ ਵਾਰ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਨੇ ਤਣਾਅ ਹੋਰ ਵਧਾ ਦਿੱਤਾ ਹੈ।
ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੰਕਰਮਣ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਦੱਸਿਆ ਕਿ ਚੀਜ਼ਾਂ ਗਲਤ ਦਿਸ਼ਾ ਵਿਚ ਅੱਗੇ ਵਧ ਰਹੀਆਂ ਹਨ ਅਤੇ ਸਾਫ ਤੌਰ ‘ਤੇ ਅਸੀਂ ਇਸ ‘ਤੇ ਕਾਬੂ ਪਾਉਣ ਦੀ ਸਥਿਤੀ ਵਿਚ ਨਹੀਂ ਹਾਂ।
ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਜਨਤਾ ਮਹਾਂਮਾਰੀ ਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕਣ ਵਿਚ ਅਸਫਲ ਰਹਿੰਦੇ ਹਨ ਤਾਂ ਅਮਰੀਕਾ ਵਿਚ ਪ੍ਰਤੀਦਿਨ ਇਕ ਲੱਖ ਮਾਮਲੇ ਸਾਹਮਣੇ ਆ ਸਕਦੇ ਹਨ। ਚੀਨ ਟਰੰਪ ਪ੍ਰਸ਼ਾਸਨ ‘ਤੇ ਮਹਾਂਮਾਰੀ ਦਾ ਸਿਆਸੀਕਰਣ ਲਗਾਉਣ ਦਾ ਇਲਜ਼ਾਮ ਲਗਾ ਰਿਹਾ ਹੈ।
ਚੀਨ ਨੇ ਕਿਹਾ ਸੀ ਕਿ ਅਮਰੀਕਾ ਮਹਾਂਮਾਰੀ ਨੂੰ ਨਾ ਸੰਭਾਲ ਸਕਣ ਕਾਰਨ ਧਿਆਨ ਭਟਕਾਉਣ ਲਈ ਅਜਿਹੇ ਆਰੋਪ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਸਾਰੇ ਸਬੰਧ ਤੋੜਨ ਤੱਕ ਦੀ ਧਮਕੀ ਦੇ ਚੁੱਕੇ ਹਨ। ਟਰੰਪ ਨੇ ਕਿਹਾ ਸੀ ਕਿ ਚੀਨ ਨਾਲ ਸਬੰਧ ਖਤਮ ਕਰਨ ਨਾਲ ਅਮਰੀਕਾ ਨੂੰ ਫਾਇਦਾ ਹੀ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।