ਪੁਲਿਸ ਦੀ ਗੋਲੀ ਨਾਲ ਨਾਬਾਲਗ ਦੇ ਕਤਲ ਦਾ ਮਾਮਲਾ : ਫ਼ਰਾਂਸ ’ਚ ਚੌਥੇ ਦਿਨ ਵੀ ਹਿੰਸਾ ਜਾਰੀ
ਹੁਣ ਤਕ 2400 ਗ੍ਰਿਫ਼ਤਾਰ, ਰਾਸ਼ਟਰਪਤੀ ਨੇ ਜਰਮਨੀ ਦੀ ਯਾਤਰਾ ਰੱਦ ਕੀਤੀ
ਨੈਨਟੇਰੇ (ਫ਼ਰਾਂਸ): ਫ਼ਰਾਂਸ ਦੀ ਰਾਜਧਾਨੀ ਪੈਰਿਸ ’ਚ ਪੁਲਿਸ ਵਲੋਂ ਇਕ ਨਾਬਾਲਗ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਚੌਥੇ ਦਿਨ ਬਾਅਦ ਵੀ ਪ੍ਰਦਰਸ਼ਨ ਜਾਰੀ ਰਹੇ। ਵੱਡੀ ਗਿਣਤੀ ’ਚ ਪੁਲਿਸ ਦੀ ਤੈਨਾਤੀ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਵੱਡੀ ਗਿਣਤੀ ’ਚ ਕਾਰਾਂ ਅਤੇ ਇਮਾਰਤਾਂ ਸਾੜ ਦਿਤੀਆਂ ਅਤੇ ਦੁਕਾਨਾਂ ਨੂੰ ਲੁੱਟ ਲਿਆ।
ਇਸ ਦੌਰਾਨ ਮ੍ਰਿਤਕ ਨਾਬਾਲਗ ਨਾਹੇਲ ਦਾ ਪ੍ਰਵਾਰ ਉਸ ਨੂੰ ਦਫ਼ਨ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਐਤਵਾਰ ਨੂੰ ਉਸ ਦੀ ਮਿ੍ਰਤਕ ਦੇਹ ਨੂੰ ਮਸਜਿਦ ਲਿਆਂਦਾ ਜਾਵੇਗਾ ਅਤੇ ਇਸ ਤੋਂ ਬਾਅਦ ਉਸ ਨੂੰ ਦਫ਼ਨ ਕਰ ਦਿਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ 17 ਸਾਲਾਂ ਦੇ ਨਾਹੇਲ ਨੂੰ ਪੁਲਿਸ ਵਲੋਂ ਮਾਰ ਦੇਣ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰਖ ਦਿਤਾ ਹੈ ਅਤੇ ਲੋਕ ਕਾਫ਼ੀ ਗੁੱਸੇ ’ਚ ਹਨ। ਨਾਹੇਲ ਨੇ ਟਰੈਫ਼ਿਕ ਪੁਲਿਸ ਵਲੋਂ ਰੁਕਣ ਦੇ ਇਸ਼ਾਰੇ ਨੂੰ ਨਜ਼ਰਅੰਦਾਜ਼ ਕਰਦਿਆਂ ਗੱਡੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ।
ਇਸ ਘਟਨਾ ਵਿਰੁਧ ਪੂਰੇ ਦੇਸ਼ ’ਚ ਹੋਈ ਹਿੰਸਾ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਅਤੇ ਲਗਭਗ 100 ਜਨਤਕ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਵੀ ਅੱਗ ਹਵਾਲੇ ਕਰ ਦਿਤਾ। ਪੈਰਿਸ ਤੋਂ ਮਾਰਸਲੇ ਅਤੇ ਲਿਓਨ ਤਕ ਹਿੰਸਾ ਦੀ ਅੱਗ ਫੈਲ ਗਈ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦਸਿਆ ਕਿ ਹੁਣ ਤਕ 2400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 1300 ਲੋਕਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਅਜੇ ਤਕ ਤੈਨਾਤ ਕੀਤੇ ਗਏ 45000 ਪੁਲਿਸ ਮੁਲਾਜ਼ਮ ਵੀ ਭੀੜ ਨੂੰ ਕਾਬੂ ਕਰਨ ’ਚ ਨਾਕਾਮਯਾਬ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਇਮਾਨੁਏਲ ਮੈਕਰੋਨ ਨੇ ਲੋਕਾਂ ਨੂੰ ਅਪਣੇ ਬਚਿਆਂ ਨੂੰ ਘਰਾਂ ਅੰਦਰ ਰਖਣ ਦੀ ਅਪੀਲ ਕੀਤੀ ਸੀ ਤਾਂ ਕਿ ਸੜਕਾਂ ’ਤੇ ਸ਼ਾਂਤੀ ਸਥਾਪਤ ਹੋ ਸਕੇ। ਉਨ੍ਹਾਂ ਜਰਮਨੀ ਦਾ ਅਪਣਾ ਦੌਰਾ ਵੀ ਰੱਦ ਕਰ ਦਿਤਾ ਹੈ।
ਅਧਿਕਾਰੀਆਂ ਅਨੁਸਾਰ ਲਗਭਗ 2500 ਥਾਵਾਂ ’ਤੇ ਅੱਗਜ਼ਨੀ ਕੀਤੀ ਗਈ ਹੈ ਅਤੇ ਦੁਕਾਨਾਂ ’ਚ ਲੁਟ ਕੀਤੀ ਗਈ।
ਹਿੰਸਾ ਰੋਕਣ ’ਚ ਮਦਦ ਲਈ ਵਿਸ਼ੇਸ਼ ਪੁਲਿਸ ਫ਼ੋਰਸ ਨੂੰ ਬੋਰਡਾਂ, ਲਿਓਨ, ਰੂਬੈਕਸ, ਮਾਰਸੇਲ ਅਤੇ ਲਿਲੀ ਸ਼ਹਿਰਾਂ ’ਚ ਤੈਨਾਤ ਕੀਤਾ ਗਿਆ। ਸੜਦੇ ਮਲਬੇ ਵਿਚਕਾਰ ਨੈਨਟੇਅਰ ’ਚ ਇਕ ਕੰਧ ’ਤੇ ‘ਨਾਹੇਲ ਲਈ ਬਦਲਾ’ ਪੇਂਟ ਕੀਤਾ ਹੋਇਆ ਦਿਸਿਆ। ਉਪਨਗਰ ’ਚ ਇਕ ਬੈਂਕ ਵੀ ਸਾੜ ਦਿਤਾ ਗਿਆ।ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੈਰਿਸ ’ਚ 5 ਹਜ਼ਾਰ ਅਤੇ ਦੇਸ਼ ਭਰ ’ਚ 40 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਫ਼ਰਾਂਸੀਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਦੋਂ ਮੰਗਲਵਾਰ ਰਾਤ ਪਹਿਲੀ ਵਾਰੀ ਦੰਗਾ ਭੜਕਿਆ ਤਾਂ 40 ਕਾਰਾਂ ਸਾੜ ਦਿਤੀਆਂ ਗਈਆਂ ਅਤੇ ਝੜਪਾਂ ’ਚ 24 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਨਾਹੇਲ ਇਸ ਸਾਲ ਫ਼ਰਾਂਸ ’ਚ ਟਰੈਫ਼ਿਕ ਰੋਕਣ ਦੌਰਾਨ ਪੁਲਿਸ ਦੀ ਗੋਲੀਬਾਰੀ ’ਚ ਮਾਰਿਆ ਜਾਣ ਵਾਲਾ ਦੂਜਾ ਵਿਅਕਤੀ ਹੈ। ਪਿਛਲੇ ਸਾਲ ਇਸ ਤਰ੍ਹਾਂ ਨਾਲ ਰੀਕਾਰਡ 13 ਵਿਅਕਤੀਆਂ ਦੀ ਮੌਤ ਹੋਈ ਸੀ।