ਭਾਰਤ ਅਤੇ ਅਮਰੀਕਾ ‘ਚ ਭਾਰਤੀ-ਅਮਰੀਕੀ ਭਾਈਚਾਰਾ ਮਹੱਤਵਪੂਰਨ ਹਿੱਸੇਦਾਰ: ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਦੁਨੀਆਂ ਦੇ ਦੋ ਸਭ ਤੋਂ ਵਡੇ ਲੋਕਤੰਤਰਾਂ ਦੇ ਸੰਬੰਧਾਂ.......

File Photo

ਵਾਸ਼ਿੰਗਟਨ, 31 ਜੁਲਾਈ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਦੁਨੀਆਂ ਦੇ ਦੋ ਸਭ ਤੋਂ ਵਡੇ ਲੋਕਤੰਤਰਾਂ ਦੇ ਸੰਬੰਧਾਂ ਵਿਚ ਮਹੱਤਵਪੂਰਨ ਹਿੱਸੇਦਾਰ ਹੈ। ਨਾਲ ਹੀ ਉਹਨਾਂ ਨੇ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਅਰਥਵਿਵਸਥਾ ਦੇ ਵਿਕਾਸ, ਕੋਵਿਡ-19 ਤੋਂ ਉਭਰਨ ਦੀਆਂ ਕੋਸ਼ਿਸ਼ਾਂ ਅਤੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਹੋਰ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ। ਰਾਜਦੂਤ ਸੰਧੂ ਨੇ ਵਾਸ਼ਿੰਗਟਨ ਡੀ.ਸੀ. ਦੇ ਅਤੇ ਉਸ ਦੇ ਨੇੜੇ ਰਹਿਣ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਵੀਰਵਾਰ ਨੂੰ ਇਕ ਆਨਲਾਈਨ ਬੈਠਕ ਕੀਤੀ।
ਕੋਵਿਡ-19 ਦੇ ਕਾਰਨ ਭਾਰਤੀ ਰਾਜਦੂਤ ਦੇਸ਼ਭਰ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਆਨਲਾਈਨ ਬੈਠਕਾਂ ਕਰ ਰਹੇ ਹਨ।

ਇਹ ਇਸ ਤਰ੍ਹਾਂ ਦੀ 7ਵੀਂ ਬੈਠਕ ਸੀ। ਸੰਧੂ ਨੇ ਕਿਹਾ,''ਅਮਰੀਕਾ ਦੇ ਨਾਲ ਸਾਡੇ ਸੰਬੰਧਾਂ ਵਿਚ ਭਾਰਤੀ-ਅਮਰੀਕੀ ਭਾਈਚਾਰਾ ਇਕ ਮਹੱਤਵਪੂਰਨ ਹਿੱਸੇਦਾਰ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਚ ਤਬਦੀਲੀ ਲਿਆਉਣ ਲਈ ਅਤੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਅਪਣੇ ਵਿਚਾਰ ਅਤੇ ਸੁਝਾਅ ਦਿਓ। ਅਸੀਂ ਕੋਵਿਡ-19 ਦੇ ਬਾਅਦ ਭਾਰਤੀ ਅਰਥਵਿਵਸਥਾ ਨੂੰ ਉਭਾਰਨ ਅਤੇ  ਉਸ ਦੇ ਵਿਕਾਸ ਲਈ ਤੁਹਾਨੂੰ ਹੋਰ ਸਰਗਰਮ ਭੂਮਿਕਾ ਨਿਭਾਉਂਦੇ ਦੇਖਣਾ ਚਾਹੰਦੇ ਹਾਂ।'' ਰਾਜਦੂਤ ਨੇ ਦੇਸ਼ ਵਿਚ ਫਸੇ ਭਾਰਤੀਆਂ ਦੀ ਮਦਦ ਦੇ ਲਈ ਵੀ ਭਾਈਚਾਰੇ ਦੇ ਮੈਂਬਰਾਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਕਿਹਾ,''ਕੋਵਿਡ-19 ਦੇ ਦੌਰਾਨ ਫਸੇ ਭਾਰਤੀਆਂ ਅਤੇ ਵਿਦਿਆਰਥੀਆਂ ਤਕ ਪਹੁੰਚਣ ਵਿਚ ਇਸ ਨਾਲ ਮਦਦ ਮਿਲੀ। ਮੈਡੀਕਲ ਸੁਝਾਅ, ਹੈਲਪਲਾਈਨ, ਰਹਿਣ ਦੀ ਅਸਥਾਈ ਵਿਵਸਥਾ,ਖਾਣ-ਪੀਣ ਦੇ ਸਾਮਾਨ ਲਈ ਮਦਦ ਕਰ ਕੇ ਤੁਸੀਂ ਚੁਣੌਤੀਆਂ ਨਾਲ ਨਜਿੱਠਣ ਵਿਚ ਸਾਡੀ ਮਦਦ ਕੀਤੀ।

ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਕਈਆਂ ਨੇ ਭਾਰਤ ਵਿਚ ਸਥਾਨਕ ਅਤੇ ਭਾਈਚਾਰਕ ਸੰਗਠਨਾਂ ਦੀ ਮਦਦ ਵੀ ਕੀਤੀ ਅਤੇ ਅਸੀਂ ਭਾਰਤ ਦੇ ਵਿਕਾਸ ਵਿਚ ਤੁਹਾਡੇ ਯੋਗਦਾਨ ਦਾ ਸਵਾਗਤ ਕਰਦੇ ਹਾਂ।'' ਉਹਨਾਂ ਨੇ ਕਿਹਾ ਕਿ ਭਾਈਚਾਰੇ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ 'ਤੇ ਸਰਕਾਰ ਨੇ ਯਾਤਰਾ ਪਾਬੰਦੀਆਂ ਵਿਚ ਛੋਟ ਦਿਤੀ ਹੈ। ਵਿਸ਼ੇਸ਼ ਸ਼੍ਰੇਣੀ ਦੇ ਓ.ਸੀ.ਆਈ. ਕਾਰਡਧਾਰਕ ਹੁਣ ਵੰਦੇ ਭਾਰਤ ਜਹਾਜ਼ਾਂ ਵਿਚ ਯਾਤਰਾ ਕਰ ਸਕਦੇ ਹਨ। ਉੱਥੇ ਇਸ ਦੇ ਇਲਾਵਾ ਸਰਕਾਰ ਨੇ 31 ਦਸੰਬਰ 2020 ਤਕ ਓ.ਸੀ.ਆਈ. ਕਾਰਡ ਦੇ ਨਵੀਨੀਕਰਨ ਵਿਚ ਛੋਟ ਦੇਣ ਦਾ ਐਲਾਨ ਵੀ ਕੀਤੀ। ਸੰਧੂ ਨੇ ਕਿਹਾ ਕਿ ਗਲੋਬਲ ਮਹਾਮਰੀ ਦੇ ਦੌਰਾਨ ਭਾਰਤ ਅਤੇ ਅਮਰੀਕਾ ਨੇੜਤਾ ਨਾਲ ਸਹਿਯੋਗ ਕਰ ਰਹੇ ਹਨ। ਉਹਨਾਂ ਨੇ ਕਿਹਾ,''ਭਾਰਤ ਅਤੇ ਅਮਰੀਕਾ ਵਿਚ ਸਾਡੀਆਂ ਵਿਗਿਆਨਕ ਸੰਸਥਾਵਾਂ ਆਪਸੀ ਸੰਪਰਕ ਵਿਚ ਹਨ। ਸਾਡੀਆਂ ਦਵਾਈ ਕੰਪਨੀਆਂ ਟੀਕਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।''