ਕੀ ਭਾਰਤੀ ਰੁਪਈਆ ਵਾਕਈ ਬੰਗਲਾਦੇਸੀ ਟਕੇ ਤੋਂ ਵੀ ਪੱਛੜ ਗਿਐ?

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣੋ ਅਸਲ ਸੱਚਾਈ

Despite downslide, rupee still stronger than Bangladeshi taka

ਨਵੀਂ ਦਿੱਲੀ: ਇਹ ਸਹੀ ਹੈ ਕਿ ਬੀਤੇ ਕੁੱਝ ਸਮੇਂ ਦੌਰਾਨ ਭਾਰਤੀ ਰੁਪਈਆ ਡਾਲਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਕਮਜ਼ੋਰ ਹੋਇਆ ਹੈ। ਇਕ ਵਾਰ ਤਾਂ ਇਸ ਦੀ ਕੀਮਤ 72 ਰੁਪਏ ਪ੍ਰਤੀ ਡਾਲਰ ਨੂੰ ਵੀ ਪਾਰ ਕਰ ਗਈ ਸੀ ਪਰ ਕੀ ਭਾਰਤੀ ਰੁਪਈਆ ਬੰਗਲਾਦੇਸ਼ੀ ਟਕੇ ਨਾਲੋਂ ਵੀ ਕਮਜ਼ੋਰ ਹੋ ਗਿਐ? ਜਿਵੇਂ ਕਿ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ। ਆਓ ਜਾਣਦੇ ਆਂ ਲੋਕਾਂ ਵੱਲੋਂ ਕੀ-ਕੀ ਕੀਤੇ ਜਾ ਰਹੇ ਨੇ ਦਾਅਵੇ ਅਤੇ ਕੀ ਹੈ ਪੂਰੀ ਸੱਚਾਈ।

ਦਰਅਸਲ ਭਾਰਤੀ ਰੁਪਏ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕੁੱਝ ਲੋਕਾਂ ਵੱਲੋਂ ਇਹ ਦਾਅਵਾ ਕਰ ਰਿਹਾ ਹੈ ਕਿ ਭਾਰਤੀ ਰੁਪਈਆ ਬੰਗਲਾਦੇਸੀ ਕਰੰਸੀ ‘ਟਕੇ’ ਦੀ ਤੁਲਨਾ ਵਿਚ ਕਮਜ਼ੋਰ ਹੋ ਗਿਆ ਹੈ। ਫੇਸਬੁੱਕ ਅਤੇ ਟਵਿੱਟਰ ’ਤੇ ਅਜਿਹੀਆਂ  ਸੈਂਕੜੇ ਪੋਸਟਾਂ ਪਾਈਆਂ ਗਈਆ ਹਨ, ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਐ ਕਿ 72 ਸਾਲਾਂ ਵਿਚ ਪਹਿਲੀ ਵਾਰ ਭਾਰਤੀ ਰੁਪਈਆ ਬੰਗਲਾਦੇਸੀ ਟਕੇ ਤੋਂ ਵੀ ਪਿੱਛੇ ਰਹਿ ਗਿਆ ਹੈ ਅਤੇ ਇਸ ਦੇ ਲਈ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਤਾਂ ਕਰੰਸੀ ਰੇਟ ਅਤੇ ਰੁਪਈਆ-ਟਕੇ ਵਿਚ ਤੁਲਨਾ ਕਰਨ ਵਾਲੇ ਕੁਝ ਗ੍ਰਾਫ਼ ਵੀ ਪੋਸਟ ਕੀਤੇ ਗਏ ਨੇ...ਹਨ ਪਰ ਜਦੋਂ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਅਸਲ ਕਹਾਣੀ ਕੁੱਝ ਹੋਰ ਹੀ ਨਿਕਲੀ।


ਇਸ ਸਬੰਧੀ ਕੀਤੀ ਗਈ ਇਕ ਪੜਤਾਲ ਵਿਚ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਬਿਲਕੁੱਲ ਗ਼ਲਤ ਹੈ ਅਤੇ ਕਰੰਸੀ ਰੇਟ ਵਾਲੇ ਗ੍ਰਾਫ਼ ਵੀ ਅਸਲ ਹਕੀਕਤ ਤੋਂ ਕੋਹਾਂ ਦੂਰ ਹਨ। ਅਸਲ ਸੱਚਾਈ ਇਹ ਹੈ ਕਿ ਬੰਗਲਾਦੇਸ਼ ਅਤੇ ਭਾਰਤ ਦੀਆਂ ਸਟਾਕ ਐਕਸਚੇਂਜਾਂ ਤੋਂ ਪ੍ਰਾਪਤ ਵਿੱਤੀ ਜਾਣਕਾਰੀਆਂ ਦੇ ਆਧਾਰ ’ਤੇ ਟਕਾ ਅਤੇ ਰੁਪਏ ਦਾ ਕਨਵਰਜਨ ਰੇਟ ਦਿਖਾਉਣ ਵਾਲੀਆਂ ਕੁੱਝ ਜਨਤਕ ਵੈੱਬਸਾਈਟਾਂ ਮੁਤਾਬਕ ਮੰਗਲਵਾਰ ਨੂੰ ਇਕ ਭਾਰਤੀ ਰੁਪਏ ਦੀ ਤੁਲਨਾ ਵਿਚ ਬੰਗਲਾਦੇਸੀ ਟਕੇ ਦੀ ਕੀਮਤ 1.18 ਟਕਾ ਦੇ ਬਰਾਬਰ ਸੀ। ਯਾਨੀ ਕਿ ਇੱਕ ਭਾਰਤੀ ਰੁਪਏ ਵਿਚ ਬੰਗਲਾਦੇਸ਼ ਦਾ 1.18 ਟਕਾ ਖ਼ਰੀਦਿਆ ਜਾ ਸਕਦਾ ਹੈ ਅਤੇ ਦਸ ਭਾਰਤੀ ਰੁਪਏ ਵਿਚ 11.80 ਬੰਗਲਾਦੇਸੀ ਟਕੇ ਖ਼ਰੀਦੇ ਜਾ ਸਕਦੇ ਹਨ।

 


 

ਜੇਕਰ ਇਸ ਸਥਿਤੀ ਨੂੰ ਪਲਟ ਕੇ ਦੇਖਿਆ ਜਾਵੇ ਤਾਂ ਮੰਗਲਵਾਰ ਦੇ ਰੇਟ ’ਤੇ ਇੱਕ ਬੰਗਲਾਦੇਸੀ ਟਕੇ ਵਿਚ ਸਿਰਫ਼ 84 ਪੈਸੇ ਹੀ ਮਿਲਣਗੇ ਅਤੇ ਦਸ ਬੰਗਲਾਦੇਸੀ ਟਕੇ ਵਿਚ 8.46 ਭਾਰਤੀ ਰੁਪਏ। ਸੋਸਲ ਮੀਡੀਆ ’ਤੇ ਵੀ ਲੋਕ ਇਹੀ ਕਨਵਰਜਨ ਰੇਟ ਨੂੰ ਉਲਟ ਕਰਕੇ ਪੋਸਟ ਕਰ ਰਹੇ ਹਨ, ਜਿਸ ਵਿਚ ਭਾਰਤੀ ਰੁਪਏ ਦੇ ਰੇਟ ਨੂੰ ਬੰਗਲਾਦੇਸ਼ੀ ਟਕੇ ਦਾ ਰੇਟ ਦਰਸਾ ਰਹੇ ਨੇ ਅਤੇ ਬੰਗਲਾਦੇਸੀ ਟਕੇ ਦੇ ਰੇਟ ਭਾਰਤੀ ਰੁਪਏ ਦਾ ਰੇਟ ਦਰਸਾ ਰਹੇ ਹਨ। ਬੰਗਲਾਦੇਸ਼ ਦੀ ਢਾਕਾ ਸਟਾਕ ਐਕਸਚੇਂਜ ਅਤੇ ਚਿਟਗਾਂਓ ਸਟਾਕ ਐਕਸਚੇਂਜ ਮੁਤਾਬਕ ਮੰਗਲਵਾਰ ਨੂੰ ਇੱਕ ਅਮਰੀਕੀ ਡਾਲਰ ਦੀ ਕੀਮਤ 84.60 ਬੰਗਲਾਦੇਸੀ ਟਕੇ ਦੇ ਬਰਾਬਰ ਸੀ ਜਦਕਿ ਇੱਕ ਅਮਰੀਕੀ ਡਾਲਰ ਦੇ ਬਦਲੇ ਭਾਰਤੀ ਰੁਪਏ ਦੀ ਵੱਧ ਤੋਂ ਵੱਧ ਕੀਮਤ 72.08 ਰੁਪਏ ਤੱਕ ਪਹੁੰਚੀ ਹੈ।

 

ਇਸੇ ਤਰਾਂ ਜੇਕਰ ਬੀਤੇ 10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਅਮਰੀਕੀ ਡਾਲਰ ਦੇ ਸਾਹਮਣੇ ਭਾਰਤੀ ਰੁਪਏ ਦੀ ਘੱਟ ਤੋਂ ਘੱਟ ਕੀਮਤ 43.92 ਰੁਪਏ ਤੱਕ ਰਹੀ, ਜਦਕਿ ਇਸੇ ਸਮੇਂ ਦੌਰਾਨ ਬੰਗਲਾਦੇਸੀ ਟਕੇ ਦੀ ਕੀਮਤ 68.24 ਤੱਕ ਰਹੀ।  ਹਾਂ ਇਕ ਗੱਲ ਜ਼ਰੂਰ ਬੀਤੇ 10 ਸਾਲਾਂ ਦੌਰਾਨ ਬੰਗਲਾਦੇਸ਼ੀ ਕਰੰਸੀ ਦੀ ਠੀਕ ਰਹੀ। ਉਹ ਹੈ ਅਮਰੀਕੀ ਡਾਲਰ ਸਾਹਮਣੇ ਚੰਗੀ ਦਰ ਦੇ ਨਾਲ ਖੜ੍ਹੇ ਰਹਿਣਾ ਜਦਕਿ ਭਾਰਤੀ ਕਰੰਸੀ ਵਿਚ ਇਸ ਦੌਰਾਨ ਕਾਫ਼ੀ ਜ਼ਿਆਦਾ ਡਗਮਗਾਉਂਦੀ ਰਹੀ।  

ਇਹੀ ਨਹੀਂ ਬੰਗਲਾਦੇਸ਼ ਦੀ ਸਾਲਾਨਾ ਜੀਡੀਪੀ ਵਾਧਾ ਦਰ ਪਾਕਿਸਤਾਨ ਤੋਂ ਢਾਈ ਫੀਸਦ ਅੱਗੇ ਨਿਕਲ ਚੁੱਕੀ ਹੈ, ਜੋ ਉਸ ਦੀ ਚੰਗੀ ਦਰ ਦੇ ਹੀ ਸੰਕੇਤ ਹਨ। ਮੰਨੇ-ਪ੍ਰੰਮਨੇ ਅਰਥ ਸਾਸ਼ਤਰੀ ਕੌਸ਼ਿਕ ਬਾਸੂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਆਉਣ ਵਾਲੇ ਸਮੇਂ ਵਿਚ ਵਿਕਾਸ ਦਰ ਦੇ ਮਾਮਲੇ ਵਿਚ ਭਾਰਤ ਨੂੰ ਵੀ ਪਿੱਛੇ ਛੱਡ ਸਕਦਾ ਹੈ। ਇਹ ਕਦੋਂ ਹੋਵੇਗਾ ਇਸ ਬਾਰੇ ਪਹਿਲਾਂ ਨਹੀਂ ਕਿਹਾ ਜਾ ਸਕਦਾ ਪਰ ਮੌਜੂਦਾ ਸਮੇਂ ਬੰਗਲਾਦੇਸੀ ਟਕਾ ਭਾਰਤੀ ਕਰੰਸੀ ਤੋਂ ਅਜੇ ਵੀ ਕਾਫ਼ੀ ਪਿੱਛੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।