ਪਾਕਿ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੰ੍ਰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਜਥੇਦਾਰ' ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਦ੍ਰਿੜਤਾ ਤੇ ਦਲੇਰੀ ਨਾਲ ਫ਼ੈਸਲਾ ਲੈਣ

to ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੰ੍ਰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਵੱਖ-ਵੱਖ ਦ੍ਰਿਸ਼।

ਅੰਮ੍ਰਿਤਸਰ, 1 ਸਤੰਬਰ (ਪਰਮਿੰਦਰਜੀਤ): ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਦਿਹਾੜੇ ਨੂੰ ਮਨਾਉਂਦਿਆਂ ਗੁਰਦਵਾਰਾ ਪੰਜਾ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਮੇਤ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਅੱਜ ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।


ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਪੰਥਕ ਏਕਤਾ ਲਈ ਪਹਿਲਕਦਮੀ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਦ੍ਰਿੜਤਾ ਤੇ ਦਲੇਰੀ ਨਾਲ ਫ਼ੈਸਲਾ ਲੈਣ। ਸਤਵੰਤ ਸਿੰਘ ਨੇ ਕਿਹਾ ਕਿ ਜੇਕਰ 'ਜਥੇਦਾਰ' ਨੂੰ ਭਾਰਤ ਵਿਚ ਮੂਲ ਕੈਲੰਡਰ ਲਾਗੂ ਕਰਨ ਦੇ ਐਲਾਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਤਾਂ ਉਹ ਪਾਕਿਸਤਾਨ ਵਿਚ ਆ ਕੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਇਹ ਐਲਾਨ ਕਰਨ ਦੁਨੀਆਂ ਭਰ ਦੇ ਸਿੱਖ ਇਸ ਨੂੰ ਮਾਨਤਾ ਦੇਣਗੇ। ਇਸ ਮੌਕੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ ਵੀ ਹਾਜ਼ਰ ਸਨ। ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਸਿੰਘਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਗਾਇਨ ਕੀਤੇ। ਅੱਜ ਸਵੇਰੇ ਨਨਕਾਣਾ ਸਾਹਿਬ ਵਿਖੇ ਗੁਰਦਵਾਰਾ ਪੱਟੀ ਸਾਹਿਬ ਤੋਂ ਨਗਰ ਕੀਤਰਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਗੁਰਦਵਾਰਾ ਬਾਲ ਲੀਲਾ ਸਾਹਿਬ ਤੋਂ ਹੁੰਦਾ ਹੋਇਆ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਪਤ ਹੋਇਆ।


ਇਸ ਮੌਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕਤੱਰ ਸ.ਅਮੀਰ ਸਿੰਘ, ਮੈਂਬਰ ਸਰਬਤ ਸਿੰਘ, ਪਾਰਲੀਮਾਨੀ ਸੈਕਟਰੀ ਪੰਜਾਬ ਸਰਕਾਰ ਮੁਹਿੰਦਰਪਾਲ ਸਿੰਘ, ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ,  ਕਿਰਪਾ ਸਿੰਘ, ਦਿਲਾਵਰ ਸਿੰਘ, ਗੁਰਪਾਲ ਸਿੰਘ, ਹਰਮੀਤ ਸਿੰਘ ਅਤੇ ਸੇਵਾ ਸਿੰਘ ਤੋਂ ਇਲਾਵਾ ਨਨਕਾਣਾ ਸਾਹਿਬ ਅਤੇ ਸਿੰਧ ਦੀਆਂ ਸੰਗਤਾਂ ਨੇ ਭਾਗ ਲਿਆ।