South Africa: ਜੋਹਾਨਸਬਰਗ 'ਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 73 ਲੋਕਾਂ ਦੀ ਮੌਤ
ਸ਼ਹਿਰ ਦੇ ਮੱਧ 'ਚ ਸਥਿਤ ਵਪਾਰਕ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਹੁਣ ਤੱਕ 73 ਲਾਸ਼ਾਂ ਨੂੰ ਮੌਕੇ ਤੋਂ ਕੱਢ ਲਿਆ ਹੈ।
ਜੋਹਾਨਸਬਰਗ - ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਹੁਣ ਤੱਕ ਘੱਟੋ-ਘੱਟ 70 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 52 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮੱਧ 'ਚ ਸਥਿਤ ਵਪਾਰਕ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਹੁਣ ਤੱਕ 73 ਲਾਸ਼ਾਂ ਨੂੰ ਮੌਕੇ ਤੋਂ ਕੱਢ ਲਿਆ ਹੈ।
ਜੋਹਾਨਸਬਰਗ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਬੁਲਾਰੇ ਰਾਬਰਟ ਮੁਲਾਉਦਜ਼ੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ।
ਇਸ ਘਟਨਾ ਵਿਚ ਇੱਕ ਬੱਚੇ ਦੀ ਵੀ ਜਾਨ ਚਲੀ ਗਈ ਹੈ। ਇਸ ਦੌਰਾਨ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਇਮਾਰਤ ਵਿਚ ਅੱਗ ਲੱਗੀ ਸੀ, ਉਸ ਇਮਾਰਤ ਦੀ ਵਰਤੋਂ ਬੇਘਰੇ ਲੋਕਾਂ ਲਈ ਗੈਰ-ਸਰਕਾਰੀ ਰਿਹਾਇਸ਼ ਵਜੋਂ ਕੀਤੀ ਜਾ ਰਹੀ ਸੀ ਅਤੇ ਇਸ ਲਈ ਕੋਈ ਅਧਿਕਾਰਤ ਕਿਰਾਏ ਦਾ ਸਮਝੌਤਾ ਨਹੀਂ ਸੀ। ਇਮਾਰਤ ਵਿਚ ਇੰਨੇ ਲੋਕ ਇਕੱਠੇ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਵੀ ਦਿੱਕਤ ਆ ਰਹੀ ਹੈ।
ਚਸ਼ਮਦੀਦਾਂ ਮੁਤਾਬਕ ਇਮਾਰਤ ਵਿਚ 200 ਤੋਂ ਵੱਧ ਲੋਕਾਂ ਦੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਬਹੁਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਫਾਇਰ ਫਾਈਟਰਜ਼ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੇ ਬਾਵਜੂਦ ਇਮਾਰਤ ਦੇ ਵੱਡੇ ਹਿੱਸੇ 'ਚ ਖਿੜਕੀਆਂ 'ਚੋਂ ਧੂੰਆਂ ਨਿਕਲਦਾ ਦੇਖਿਆ ਗਿਆ।