ਪੈਰਿਸ ਪੈਰਾਲੰਪਿਕਸ 2024 : ਸ਼ਟਲਰ ਮਨੀਸ਼ਾ ਸੈਮੀਫ਼ਾਈਨਲ ’ਚ, ਬੈਡਮਿੰਟਨ ’ਚ ਭਾਰਤ ਦਾ ਇਕ ਹੋਰ ਤਮਗਾ ਪੱਕਾ

ਏਜੰਸੀ

ਖ਼ਬਰਾਂ, ਖੇਡਾਂ

ਦੂਜਾ ਰੈਂਕ ਪ੍ਰਾਪਤ ਦੀ ਭਾਰਤੀ ਖਿਡਾਰੀ ਨੇ ਸਿਰਫ 30 ਮਿੰਟ ’ਚ ਅਪਣੇ ਗੈਰ-ਸੀਡ ਵਿਰੋਧੀ ਨੂੰ ਰਸਤਾ ਦਿਖਾ ਦਿਤਾ

Manisha Ramdos.

ਪੈਰਿਸ/ਸ਼ਤੇਰਾਓ : ਭਾਰਤੀ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਡੋਸ ਨੇ ਐਤਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਦੇ ਐਸ.ਯੂ.5 ਵਰਗ ’ਚ ਮਹਿਲਾ ਸਿੰਗਲਜ਼ ਸੈਮੀਫਾਈਨਲ ’ਚ ਥਾਂ ਬਣਾਈ, ਜਿੱਥੇ ਉਸ ਦਾ ਮੁਕਾਬਲਾ ਹਮਵਤਨ ਤੁਲਸੀਮਤੀ ਮੁਰੂਗੇਸਨ ਨਾਲ ਹੋਵੇਗਾ, ਜਿਸ ਨਾਲ ਭਾਰਤ ਦਾ ਇਸ ਮੁਕਾਬਲੇ ਇਕ ਹੋਰ ਤਮਗਾ ਪੱਕਾ ਹੋ ਗਿਆ। ਐਸ.ਐਲ.4 ਵਰਗ ’ਚ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਦੋ ਭਾਰਤੀ ਖਿਡਾਰੀ ਸੁਹਾਸ ਯਤੀਰਾਜ ਅਤੇ ਸੁਕਾਂਤਾ ਕਦਮ ਆਹਮੋ-ਸਾਹਮਣੇ ਹੋਣਗੇ। ਇਸ ਤਰ੍ਹਾਂ ਦੋਵਾਂ ਨੇ ਬੈਡਮਿੰਟਨ ’ਚ ਭਾਰਤ ਦਾ ਪਹਿਲਾ ਤਗਮਾ ਪੱਕਾ ਕਰ ਦਿਤਾ ਸੀ। 

ਮਨੀਸ਼ਾ ਦੇ ਸੱਜੇ ਹੱਥ ਵਿੱਚ ਜਨਮ ਤੋਂ ਹੀ ਨੁਕਸ ਸੀ। ਇਸ 19 ਸਾਲ ਦੀ ਖਿਡਾਰਨ ਨੂੰ ਕੁਆਰਟਰ ਫਾਈਨਲ ’ਚ ਜਾਪਾਨ ਦੇ ਮਾਮਿਕੋ ਟੋਯੋਡਾ ਨੂੰ 21-13, 21-16 ਨਾਲ ਹਰਾਉਣ ’ਚ ਕੋਈ ਸਮੱਸਿਆ ਨਹੀਂ ਆਈ। ਦੂਜਾ ਰੈਂਕ ਪ੍ਰਾਪਤ ਦੀ ਭਾਰਤੀ ਖਿਡਾਰੀ ਨੇ ਸਿਰਫ 30 ਮਿੰਟ ’ਚ ਅਪਣੇ ਗੈਰ-ਸੀਡ ਵਿਰੋਧੀ ਨੂੰ ਰਸਤਾ ਦਿਖਾ ਦਿਤਾ। 

ਆਖ਼ਰੀ ਚਾਰ ’ਚ ਮਨੀਸ਼ਾ ਦਾ ਮੁਕਾਬਲਾ ਚੋਟੀ ਦੀ ਰੈਂਕਿੰਗ ਵਾਲੀ ਤੁਲਸੀਮਤੀ ਨਾਲ ਹੋਵੇਗਾ, ਜਿਸ ਨੇ ਸ਼ਨਿਚਰਵਾਰ ਨੂੰ ‘ਗਰੁੱਪ ਏ’ ’ਚ ਪੁਰਤਗਾਲ ਦੀ ਬੀਟ੍ਰਿਜ਼ ਮੋਂਟੇਰੋ ਨੂੰ ਹਰਾਇਆ। ਇਸ ਤੋਂ ਪਹਿਲਾਂ ਮਨਦੀਪ ਕੌਰ ਅਤੇ ਪਲਕ ਕੋਹਲੀ ਕੁਆਰਟਰ ਫਾਈਨਲ ਤੋਂ ਅੱਗੇ ਵਧਣ ’ਚ ਅਸਫਲ ਰਹੀਆਂ।