ਡੌਂਕੀ ਲਗਾ ਕੇ ਅਮਰੀਕਾ ਦਾਖ਼ਲ ਹੁੰਦੇ ਪ੍ਰਵਾਸੀਆਂ 'ਤੇ ਹੋਈ ਗੋਲੀਬਾਰੀ, ਇਕ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਗੋਲੀਬਾਰੀ ਦੀ ਘਟਨਾ 'ਚ ਸਾਬਕਾ ਜੇਲ੍ਹ ਵਾਰਡਨ ਅਤੇ ਉਸ ਦਾ ਭਰਾ ਗ੍ਰਿਫ਼ਤਾਰ

A Texas prison warden and his brother face charges in a shooting that killed a migrant and injured another

ਟੈਕਸਾਸ : ਆਏ ਦਿਨ ਹੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂਦੇ ਪ੍ਰਵਾਸੀਆਂ ਸਬੰਧੀ ਖਬਰਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਕਈ ਤਾਂ ਸਫਲਤਾਪੂਰਵਕ ਸਰਹੱਦ ਪਾਰ ਕਰ ਜਾਂਦੇ ਹਨ ਪਰ ਕਈਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕੇ ਕਈਆਂ ਨੂੰ ਤਾਂ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਅਜਿਹੀ ਹੀ ਜਾਣਕਾਰੀ ਅਮਰੀਕਾ ਦੇ ਟੈਕਸਾਸ ਤੋਂ ਮਿਲੀ ਹੈ ਜਿਥੇ ਕੁਝ ਪ੍ਰਵਾਸੀਆਂ ਵਲੋਂ ਡੌਂਕੀ ਲਗਾ ਕੇ ਮੈਕਸੀਕੋ ਤੋਂ ਅਮਰੀਕੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।

ਇਸ ਗੋਲੀਬਾਰੀ ਵਿਚ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਗਈ ਹੈ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਟੈਕਸਾਸ ਜੇਲ੍ਹ ਦੇ ਸਾਬਕਾ ਵਾਰਡਨ ਮਿਸ਼ੈਲ ਸ਼ੇਪਾਰਡ ਅਤੇ ਉਸ ਦੇ ਭਰਾ ਮਾਰਕ ਸ਼ੇਪਾਰਡ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ  ਜਦੋਂ ਇਹ ਪ੍ਰਵਾਸੀ ਟੈਕਸਾਸ ਨੇੜੇ ਪਾਣੀ ਪੀਣ ਲਈ ਰੁਕੇ ਸਨ ਉਦੋਂ ਦੋ ਭਰਾਵਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਇਹ ਦੋਵੇਂ ਭਰਾ ਅਮਰੀਕਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਪ੍ਰਵਾਸੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸ਼ਬਦ ਵੀ ਕਹੇ। ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਜੇਲ੍ਹ ਅਧਿਕਾਰੀਆਂ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਬੁਲਾਰੇ ਸਕਾਟ ਸਟਰਫੀਲਡ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਮਿਸ਼ੈਲ ਸ਼ੇਪਾਰਡ (ਜੇਲ੍ਹ ਵਾਰਡਨ) ਵਜੋਂ ਕੰਮ ਨਹੀਂ ਕਰਦਾ ਹੈ ਅਤੇ ਇਸ ਘਟਨਾ ਸਮੇਂ ਉਹ ਡਿਊਟੀ 'ਤੇ ਨਹੀਂ ਸੀ। ਉਸ ਨੂੰ ਇੱਕ ਆਫ-ਡਿਊਟੀ ਘਟਨਾ ਦੇ ਕਾਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।