ਅਫਗਾਨ ਸਫ਼ਾਰਤਖਾਨੇ ਨੇ ਭਾਰਤ ’ਚ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ, ਜਾਣੋ ਕੀ ਹੈ ਕਾਰਨ
ਮੇਜ਼ਬਾਨ ਦੇਸ਼ ਤੋਂ ਸਹਿਯੋਗ ਨਾ ਮਿਲਣ ਦਾ ਦਾਅਵਾ
ਨਵੀਂ ਦਿੱਲੀ: ਭਾਰਤ ਵਿਚ ਅਫਗਾਨਿਸਤਾਨ ਦੇ ਸਫਾਰਤਖਾਨੇ ਨੇ ਮੇਜ਼ਬਾਨ ਦੇਸ਼ ਤੋਂ ਸਹਿਯੋਗ ਨਾ ਮਿਲਣ ਦਾ ਦਾਅਵਾ ਕਰਦੇ ਹੋਏ 1 ਅਕਤੂਬਰ ਤੋਂ ਅਪਣਾ ਕੰਮਕਾਜ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ। ਅਫਗਾਨ ਸਫ਼ਾਰਤਖ਼ਾਨੇ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੂੰ ਇਸ ਫੈਸਲੇ ’ਤੇ ਅਫਸੋਸ ਹੈ।
ਬਿਆਨ ਅਨੁਸਾਰ, ‘‘ਬਹੁਤ ਦੁੱਖ ਅਤੇ ਨਿਰਾਸ਼ਾ ਦੇ ਨਾਲ ਨਵੀਂ ਦਿੱਲੀ ’ਚ ਅਫਗਾਨਿਸਤਾਨ ਦੇ ਸਫ਼ਾਰਤਖ਼ਾਨੇ ਨੇ ਅਪਣੇ ਸੰਚਾਲਨ ਨੂੰ ਬੰਦ ਕਰਨ ਦੇ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਹੈ।’’
ਸਫ਼ਾਰਤਖ਼ਾਨੇ ਨੇ ਅਪਣੇ ਬਿਆਨ ’ਚ ਮਿਸ਼ਨ ਨੂੰ ਅਸਰਦਾਰ ਢੰਗ ਨਾਲ ਚਲਾਉਣ ’ਚ ਅਸਮਰੱਥ ਹੋਣ ਦੇ ਕੁਝ ਕਾਰਕਾਂ ਨੂੰ ਸੂਚੀਬੱਧ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਇਸ ਮੰਦਭਾਗੇ ਫੈਸਲੇ ਦੇ ਮੁੱਖ ਕਾਰਨ ਹਨ।
ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਮੇਜ਼ਬਾਨ ਦੇਸ਼ ਤੋਂ ਜ਼ਰੂਰੀ ਸਹਿਯੋਗ ਦੀ ਘਾਟ ਸੀ, ਜਿਸ ਕਾਰਨ ਉਹ ਅਪਣਾ ਕੰਮ ਅਸਰਦਾਰ ਢੰਗ ਨਾਲ ਨਹੀਂ ਕਰ ਪਾ ਰਿਹਾ ਸੀ। ਸਫ਼ਾਰਤਖ਼ਾਨੇ ਨੇ ਇਹ ਵੀ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਹਿੱਤਾਂ ਨੂੰ ਪੂਰਾ ਕਰਨ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ।