ਅਮਰੀਕਾ ਦੇ ਦੂਜੇ ਸ਼ਹਿਰ ਨੇ ਲਾਈ ਜਾਤ ਅਧਾਰਤ ਵਿਤਕਰੇ ’ਤੇ ਪਾਬੰਦੀ, ਜਾਣੋ ਕੀ ਕਿਹਾ ਅਮਰੀਕੀ ਹਿੰਦੂ ਜਥੇਬੰਦੀ ਨੇ
‘ਹਿੰਦੂ ਅਮਰੀਕਨ ਫ਼ਾਊਂਡੇਸ਼ਨ’ ਨੇ ਕੈਲੇਫ਼ੋਰਨੀਆ ਨਾਗਰਿਕ ਅਧਿਕਾਰ ਵਿਭਾਗ ਵਿਰੁਧ ਮੁਕੱਦਮਾ ਦਾਇਰ ਕੀਤਾ
ਵਾਸ਼ਿੰਗਟਨ: ਕੈਲੇਫ਼ੋਰਨੀਆ ’ਚ ਫ਼ਰੈਸਨੋ ਜਾਤ ਅਧਾਰਤ ਵਿਤਕਰੇ ’ਤੇ ਪਾਬੰਦੀ ਲਾਉਣ ਵਾਲਾ ਅਮਰੀਕਾ ਦਾ ਦੂਜਾ ਸ਼ਹਿਰ ਬਣ ਗਿਆ ਹੈ। ਸਿਟੀ ਕੌਂਸਲ ਨੇ ਅਪਣੀ ਨਗਰ ਪਾਲਿਕਾ ਸੰਹਿਤਾ ’ਚ ਦੋ ਨਵੀਂਆਂ ਸ਼੍ਰੇਣੀਆਂ ਜੋੜਨ ਤੋਂ ਬਾਅਦ ਇਸ ਬਾਬਤ ਸਰਬ ਸੰਮਤੀ ਨਾਲ ਇਕ ਮਤਾ ਪਾਸ ਕੀਤਾ।
ਇਸ ਤੋਂ ਪਹਿਲਾਂ, ਫ਼ਰਵਰੀ ’ਚ ਸੀਏਟਲ ਜਾਤ ਅਧਾਰਤ ਵਿਤਕਰੇ ’ਤੇ ਪਾਬੰਦੀ ਲਾਉਣ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਸੀ। ਇਸ ਤੋਂ ਬਾਅਦ, ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਨੇ ਅਜਿਹਾ ਹੀ ਇਕ ਬਿਲ ਸਤੰਬਰ ’ਚ ਪਾਸ ਕੀਤਾ।
ਅਮਰੀਕਾ ਟੈਲੀਵਿਜ਼ਨ ਨੈੱਟਵਰਕ ਐਨ.ਬੀ.ਸੀ. ਨੇ ਸ਼ੁਕਰਵਾਰ ਨੂੰ ਦਸਿਆ ਕਿ ਇਹ ਕਦਮ ਦੇਸ਼ ਭਰ ’ਚ ਚਲਾਏ ਜਾ ਰਹੇ ਨਾਗਰਿਕ ਅਧਿਕਾਰ ਅੰਦੋਲਨ ਵਿਚਕਾਰ ਚੁਕਿਆ ਗਿਆ ਹੈ, ਜਿਸ ਦੀ ਅਗਵਾਈ ਮੁੱਖ ਤੌਰ ’ਤੇ ਦਖਣੀ ਏਸ਼ੀਆਈ ਅਮਰੀਕੀ ਕਰ ਰਹੇ ਹਨ।
ਐਨ.ਬੀ.ਸੀ. ਨੇ ਫ਼ਰੈਸਨੋ ਸਿਟੀ ਕੌਂਸਲ ਦੀ ਮੀਤ ਪ੍ਰਧਾਨ ਐਨਾਲੀਸਾ ਪਰੇਰਾ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਨਾਗਰਿਕ ਅਧਿਕਾਰਾਂ ਦੀ ਸੁਰਖਿਆ ਦਾ ਪੱਧਰ ਵਧਾਉਣ ’ਤੇ ਇਕ ਵਾਰੀ ਫਿਰ ਸਾਡੇ ਸ਼ਹਿਰ ’ਤੇ ਮਾਣ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਵਿਤਕਰਾ ਰਾਤੋ-ਰਾਤ ਖ਼ਤਮ ਨਹੀਂ ਹੁੰਦਾ ਪਰ ਸਾਡੇ ਸ਼ਹਿਰ ਨੇ ਜਾਤ ਅਧਾਰਤ ਵਿਤਕਰੇ ਵਿਰੁਧ ਨਾਗਰਿਕ ਅਧਿਕਾਰ ਸੁਰਖਿਆ ਨੂੰ ਮਜ਼ਬੂਤ ਕਰਨ ਦੀ ਵਿਤਕਰੇ ਰੋਕੂ ਨੀਤੀ ਪਾਸ ਕਰਨ ਦਾ ਹਿੰਮਤੀ ਕਦਮ ਚੁਕਿਆ ਹੈ।’’
ਕੈਲੀਫੋਰਨੀਆ ਦੇ ਗਵਰਨਰ ਨਿਉਜ਼ਮ ਨੂੰ ਸੈਨੇਟ ਬਿਲ 403 ’ਤੇ ਦਸਤਖਤ ਕਰਨ ਲਈ ਦਬਾਅ ਪਾਉਣ ਲਈ ਜਾਤ ਬਰਾਬਰੀ ਦੇ ਹਮਾਇਤੀ ਆਗੂ ਭੁੱਖ ਹੜਤਾਲ ਦੇ ਤੀਜੇ ਹਫ਼ਤੇ ’ਚ ਹਨ, ਜੋ ਸੂਬੇ ਦੀ ਵਿਤਕਰਾ ਵਿਰੋਧੀ ਨੀਤੀ ’ਚ ਜਾਤ ਨੂੰ ਵੀ ਜੋੜ ਦੇਵੇਗਾ। ਰੀਪੋਰਟ ’ਚ ਕਿਹਾ ਗਿਆ ਹੈ ਕਿ ਉਹ ਬਿਲ ਦੇ ਕਾਨੂੰਨ ਬਣਨ ਤਕ ਹੜਤਾਲ ਜਾਰੀ ਰੱਖਣਗੇ, ਜਿਸ ’ਤੇ 14 ਅਕਤੂਬਰ ਤਕ ਅਮਲ ਹੋਣ ਦੀ ਉਮੀਦ ਹੈ।
ਹਾਲਾਂਕਿ ‘ਹਿੰਦੂ ਅਮਰੀਕਨ ਫ਼ਾਊਂਡੇਸ਼ਨ’ (ਐਚ.ਏ.ਐਫ਼.) ਨੇ ਕੈਲੇਫ਼ੋਰਨੀਆ ਨਾਗਰਿਕ ਅਧਿਕਾਰ ਵਿਭਾਗ ਵਿਰੁਧ ਇਕ ਮੁਕੱਦਮਾ ਦਾਇਰ ਕਰ ਕੇ ਦੋਸ਼ ਲਾਇਆ ਕਿ ਉਸ ਨੇ ਸੂਬੇ ’ਚ ਰਹਿ ਰਹੇ ਹਿੰਦੂਆਂ ਦੇ ਕਈ ਸੰਵਿਧਾਨਕ ਅਧਿਕਾਰਾਂ ਦਾ ਉਲੰਘਣਾ ਕੀਤਾ ਹੈ।
ਸੋਧੀ ਗਈ ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ ਕਿ ਵਿਭਾਗ ਨੇ ਕੈਲੀਫੋਰਨੀਆ ’ਚ ਹਿੰਦੂਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ ਇਹ ਗਲਤ ਢੰਗ ਨਾਲ ਦਾਅਵਾ ਕੀਤਾ ਹੈ ਕਿ ਜਾਤ ਪ੍ਰਣਾਲੀ ਅਤੇ ਜਾਤ ਅਧਾਰਤ ਵਿਤਕਰਾ ਹਿੰਦੂ ਸਿੱਖਿਆਵਾਂ ਅਤੇ ਅਭਿਆਸਾਂ ਦਾ ਅਨਿੱਖੜਵਾਂ ਅੰਗ ਹਨ।