ਅਮਰੀਕਾ: ਸੰਸਦ ਦੀ ਕਾਰਵਾਈ ਦੌਰਾਨ ‘ਗ਼ਲਤੀ ਨਾਲ’ ਵੱਜ ਪਈ ਅੱਗ ਲੱਗਣ ਦੀ ਚੇਤਾਵਨੀ, ਜਾਂਚ ਸ਼ੁਰੂ
ਡੈਮੋਕਰੇਟਿਕ ਸੰਸਦ ਮੈਂਬਰ ਬੋਮੈਨ ਨੇ ਸਦਨ ਦੀ ਕਾਰਵਾਈ ਨੂੰ ਰੋਕਣ ਦੇ ਇਰਾਦੇ ਨਾਲ ਬਟਨ ਦਬਾਉਣ ਤੋਂ ਇਨਕਾਰ ਕੀਤਾ
ਵਾਸ਼ਿੰਗਟਨ: ਅਮਰੀਕੀ ਸੰਸਦ ’ਚ ਸਰਕਾਰੀ ਕੰਮਕਾਜ ’ਚ ‘ਸ਼ਟਡਾਊਨ’ ਦੇ ਖਤਰੇ ਨੂੰ ਟਾਲਣ ਲਈ ਇਕ ਮਹੱਤਵਪੂਰਨ ਵਿੱਤ ਬਿਲ ਪਾਸ ਕਰਨ ਲਈ ਚਲ ਰਹੀ ਸਦਨ ਦੀ ਕਾਰਵਾਈ ਦੌਰਾਨ ਅੱਗ ਲੱਗਣ ਦੀ ਚੇਤਾਵਨੀ ਵਾਲਾ ਅਲਾਰਮ ਵਜਿਆ ਜਿਸ ਕਾਰਨ ਹਫੜਾ-ਦਫੜੀ ਮਚ ਗਈ ਅਤੇ ਇਮਾਰਤ ਨੂੰ ਤੁਰਤ ਖਾਲੀ ਕਰਵਾ ਲਿਆ ਗਿਆ। ਪਰ ਬਾਅਦ ’ਚ ਡੈਮੋਕ੍ਰੇਟਿਕ ਕਾਂਗਰਸਮੈਨ ਜਮਾਲ ਬੋਮੈਨ ਨੇ ਗ਼ਲਤੀ ਨਾਲ ਅਲਾਰਮ ਵਜਾਉਣ ਦੀ ਗੱਲ ਮੰਨ ਲਈ।
ਕੈਨਨ ਹਾਊਸ ਦਫ਼ਤਰ ਦੀ ਇਮਾਰਤ ’ਚ ਸ਼ਨਿਚਰਵਾਰ ਦੁਪਹਿਰ ਨੂੰ ਇਕ ਫਾਇਰ ਅਲਾਰਮ ਵਜਿਆ, ਜਿਸ ਕਾਰਨ ਪੂਰੀ ਇਮਾਰਤ ਨੂੰ ਖਾਲੀ ਕਰਵਾਉਣਾ ਪਿਆ। ਉਸ ਸਮੇਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਅਤੇ ਮੁਲਾਜ਼ਮ ਇਮਾਰਤ ’ਚ ਕੰਮ ਕਰ ਰਹੇ ਸਨ। ਇਮਾਰਤ ਨੂੰ ਇਕ ਘੰਟੇ ਬਾਅਦ ਮੁੜ ਖੋਲ੍ਹਿਆ ਗਿਆ, ਜਦੋਂ ਕੈਪੀਟਲ ਪੁਲਿਸ ਨੇ ਕਿਹਾ ਕਿ (ਅਮਰੀਕੀ ਸੰਸਦ ਅੰਦਰ) ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨ ਜਾਣਨ ਲਈ ਜਾਂਚ ਸ਼ੁਰੂ ਹੋ ਗਈ ਹੈ।
ਯੂ.ਐਸ. ਕੈਪੀਟਲ ਕੰਪਲੈਕਸ ਨਾਲ ਸਬੰਧਤ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸਦਨ ਦੀ ਪ੍ਰਸ਼ਾਸਨਿਕ ਕਮੇਟੀ ਨੇ ਇਕ ਵਿਅਕਤੀ ਵਲੋਂ ਫਾਇਰ ਅਲਾਰਮ ਬਟਨ ਦਬਾਉਣ ਦੀ ਤਸਵੀਰ ਪੋਸਟ ਕੀਤੀ ਜੋ ਬੋਮੈਨ ਵਰਗਾ ਲੱਗ ਰਿਹਾ ਸੀ।
ਨਿਊਯਾਰਕ ਦੇ ਸੰਸਦ ਮੈਂਬਰ ਬੋਮੈਨ ਨੇ ਬਾਅਦ ’ਚ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਗਲਤੀ ਨਾਲ ਅਲਾਰਮ ਵਜਾ ਦਿਤਾ ਸੀ। ਉਨ੍ਹਾਂ ਦਸਿਆ ਕਿ ਉਹ ਵੋਟ ਪਾਉਣ ਜਾ ਰਿਹੇ ਸਨ ਅਤੇ ਇਕ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜੋ ਆਮ ਤੌਰ ’ਤੇ ਖੁੱਲ੍ਹਾ ਰਹਿੰਦਾ ਸੀ, ਪਰ ਸ਼ਨਿਚਰਵਾਰ ਹੋਣ ਕਾਰਨ ਬੰਦ ਸੀ।
ਬੋਮੈਨ ਨੇ ਕਿਹਾ, ‘‘ਮੈਂ ਸੋਚਿਆ ਕਿ ਇਹ ਬਟਨ ਦਰਵਾਜ਼ਾ ਖੋਲ੍ਹਣ ਲਈ ਹੈ।’’ ਬੋਮੈਨ ਨੇ ਸਦਨ ਦੀ ਕਾਰਵਾਈ ਨੂੰ ਰੋਕਣ ਦੇ ਇਰਾਦੇ ਨਾਲ ਬਟਨ ਦਬਾਉਣ ਤੋਂ ਇਨਕਾਰ ਕੀਤਾ। ਕੈਪੀਟਲ ਪੁਲਿਸ ਨੇ ਸ਼ਨਿਚਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।