ਗੋਲੀਬੰਦੀ ਦੀ ਉਲੰਘਣਾ : ਪਾਕਿਸਤਾਨ ਵਲੋਂ ਭਾਰਤੀ ਸਫ਼ੀਰ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਭਾਰਤ ਦੇ ਕਾਰਜਕਾਰੀ ਉਪ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਕੰਟਰੋਲ ਰੇਖਾ 'ਤੇ ਕਥਿਤ ਤੌਰ 'ਤੇ ਬਿਨਾਂ ਉਕਸਾਵੇ ਭਾਰਤੀ ਫ਼ੌਜੀਆਂ ਦੁਆਰਾ ਕੀਤੀ ਗਈ.......

Mohamed Faisal

ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਦੇ ਕਾਰਜਕਾਰੀ ਉਪ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਕੰਟਰੋਲ ਰੇਖਾ 'ਤੇ ਕਥਿਤ ਤੌਰ 'ਤੇ ਬਿਨਾਂ ਉਕਸਾਵੇ ਭਾਰਤੀ ਫ਼ੌਜੀਆਂ ਦੁਆਰਾ ਕੀਤੀ ਗਈ ਗੋਲੀਬੰਦੀ ਦੀ ਉਲੰਘਣ ਦੀ ਨਿਖੇਧੀ ਕੀਤੀ। ਦਰਅਸਲ, ਪਾਕਿਸਤਾਨ ਮੁਤਾਬਕ ਸੋਮਵਾਰ ਨੂੰ ਵਾਪਰੀ ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਰਾਹੀਂ ਕਿਹਾ, 'ਮੁਹੰਮਦ ਫ਼ੈਸਲ ਨੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਭਾਰਤੀ ਬਲਾਂ ਦੁਆਰਾ ਕੰਟਰੋਲ ਰੇਖਾ 'ਤੇ 31 ਦਸੰਬਰ ਨੂੰ ਬਗ਼ੈਰ ਉਕਸਾਵੇ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੀ ਨਿਖੇਧੀ ਕੀਤੀ।'

ਬਿਆਨ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਕੰਟਰੋਲ ਰੇਖਾ 'ਤੇ ਸ਼ਾਹਕੋਟ ਸੈਕਟਰ ਵਿਚ ਹੋਈ ਫ਼ਾਇਰਿੰਗ ਵਿਚ ਆਸੀਆ ਬੀਬੀ ਨਾਮ ਦੀ ਔਰਤ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੰਟਰੋਲ ਰੇਖਾ ਅਤੇ 'ਵਰਕਿੰਗ ਬਾਊਂਡਰੀ' 'ਤੇ ਭਾਰਤੀ ਬਲ ਗ਼ੈਰਫ਼ੌਜੀ ਨਾਗਰਿਕਾਂ ਦੀ ਆਬਾਦੀ ਵਾਲੇ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਦੋਸ਼ ਲਾਇਆ ਕਿ 2018 ਵਿਚ ਭਾਰਤੀ ਫ਼ੌਜ ਨੇ ਐਲਓਸੀ ਅਤੇ ਵਰਕਿੰਗ ਬਾਊਂਡਰੀ 'ਤੇ 2350 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਵਿਚ 36 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 142 ਹੋਰ ਜ਼ਖ਼ਮੀ ਹੋ ਗਏ। (ਏਜੰਸੀ)