ਟਿਕਟਾਕ ਵੀਡੀਓਜ਼ ਨੇ ਗੁਆਢੀ ਮੁਲਕ ਦੀ ਸਿਆਸਤ 'ਚ ਲਿਆਂਦਾ ਭੁਚਾਲ!
ਮੰਤਰੀ ਤੋਂ ਲੈ ਕੇ ਵਿਦੇਸ਼ ਵਿਭਾਗ ਦਾ ਦਫ਼ਤਰ ਸੁਰਖੀਆਂ 'ਚ
ਨਵੀਂ ਦਿੱਲੀ : ਟਿਕਟਾਕ ਵੀਡੀਓਜ਼ ਦਾ ਅੱਜ ਹਰ ਕੋਈ ਦੀਵਾਨਾ ਹੈ। ਹਰ ਮੋਬਾਈਲ 'ਚ ਅਜਿਹੀਆਂ ਵੀਡੀਓਜ਼ ਦੀ ਭਰਮਾਰ ਵੇਖਣ ਨੂੰ ਮਿਲ ਰਹੀ ਹੈ। ਇਸ ਨੇ ਕਈਆਂ ਨੂੰ ਰਾਤੋ ਰਾਤ ਸਟਾਰ ਵੀ ਬਣਾ ਦਿਤਾ ਹੈ। ਇਸ ਦੀ ਵਧਦੀ ਲੋਕਪ੍ਰਿਅਤਾ ਤੋਂ ਹਰ ਕੋਈ ਪ੍ਰਭਾਵਿਤ ਹੈ। ਇਸੇ ਦੌਰਾਨ ਟਿਕਟਾਕ ਵੀਡੀਓਜ਼ ਨੂੰ ਲੈ ਕੇ ਗੁਆਢੀ ਮੁਲਕ ਦੀ ਸਰਕਾਰ ਸਦਮੇ ਵਿਚ ਹੈ। ਸਰਕਾਰ ਦੇ ਮੰਤਰੀ ਤੋਂ ਲੈ ਕੇ ਵਿਦੇਸ਼ ਵਿਭਾਗ ਦਾ ਦਫ਼ਤਰ ਤਕ ਟਿਕਟਾਕ ਰੂਪੀ ਮੁਸੀਬਤ ਨਾਲ ਦੋ-ਚਾਰ ਹੋ ਰਹੇ ਹਨ।
ਅਸਲ ਵਿਚ ਸੋਸ਼ਲ ਮੀਡੀਆ ਪਲੇਟਫਾਰਮ 'ਟਿਕਟਾਕ' 'ਤੇ ਵੀਡੀਓ ਬਣਾ ਕੇ ਸੁਰਖੀਆਂ ਬਟੋਰਨ ਵਾਲੇ ਦੋ ਸੁਪਰਸਟਾਰ ਵਲੋਂ ਬਣਾਏ ਕੁੱਝ ਇਸ ਤਰ੍ਹਾਂ ਵੀਡੀਓਜ਼ ਸਾਹਮਣੇ ਆਏ ਹਨ ਜਿਨ੍ਹਾਂ ਨੇ ਪੂਰੀ ਇਮਰਾਨ ਸਰਕਾਰ 'ਤੇ ਹੀ ਸਵਾਲ ਖੜ੍ਹੇ ਕਰ ਦਿਤੇ ਹਨ। ਇਹ ਦੋ ਟਿਕਟਾਕ ਸਟਾਰ ਹਰੀਮ ਸ਼ਾਹ ਤੇ ਸੁੰਦਲ ਖੱਟਕ ਹਨ। ਇਕ ਟਿਕਟਾਕ ਵੀਡੀਓਜ਼ 'ਚ ਹਰੀਮ ਸ਼ਾਹ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਚ ਘੁੰਮਦੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਰੇਲ ਮੰਤਰੀ ਰਸ਼ੀਦ ਸ਼ੇਖ ਨਾਲ ਪਰਸਨਲ ਚੈਟ ਦੀਆਂ ਤਸਵੀਰਾਂ ਨੇ ਵੀ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਦਿਤੀ ਹੈ।
ਵਿਦੇਸ਼ ਮਤਰਾਲੇ ਦੇ ਦਫ਼ਤਰ 'ਚ ਪਹੁੰਚਣ ਦੀ ਜਾਂਚ : ਸੋਸ਼ਲ ਮੀਡੀਆ 'ਤੇ ਟਿਕਟਾਕ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਹਰੀਮ ਸ਼ਾਹ ਵੀਡੀਓ ਬਣਾ ਰਹੀ ਹੈ। ਇਹ ਵੀਡੀਓ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਕਾਨਫ਼ਰੰਸ ਹਾਲ ਦਾ ਹੈ। ਇਹ ਉਹ ਸਥਾਨ ਹੈ ਜਿੱਥੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੁੰਦੀ ਹੈ। ਹਰੀਮ ਇਕ ਕੁਰਸੀ 'ਤੇ ਜਾ ਕੇ ਬੈਠ ਜਾਂਦੀ ਹੈ। ਉਸ ਦੇ ਪਿੱਛੇ ਮੁਹੰਮਦ ਅਲੀ ਜਿੰਨਾ ਦੀ ਫ਼ੋਟੋ ਵੀ ਵਿਖਾਈ ਦੇ ਰਹੀ ਹੈ।
ਸੋਸ਼ਲ ਮੀਡੀਆ 'ਤੇ ਕੁੱਝ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਉਸ ਸਰਕਾਰੀ ਹਾਲ ਦੀ ਤਸਵੀਰ ਹੈ, ਜਿੱਥੇ ਪ੍ਰਧਾਨ ਮੰਤਰੀ ਕੈਬਨਿਟ ਦੀ ਮੀਟਿੰਗ ਕਰਦੇ ਹਨ। ਭਾਵੇਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੀਮ ਸ਼ਾਹ ਉੱਥੇ ਤਕ ਕਿਵੇਂ ਪਹੁੰਚੀ ਹੈ।
ਕਾਨਫ਼ਰੰਸ ਹਾਲ ਤਕ ਪਹੁੰਚਣ ਦਾ ਰਾਜ਼? : ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿਤੀ ਇੰਟਰਵਿਊ 'ਚ ਹਰੀਮ ਸ਼ਾਹ ਨੇ ਕਿਹਾ ਕਿ ਉਨ੍ਹਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਇਕ ਵਿਜਟਰ ਵਜੋਂ ਉਸ ਕਮਰੇ ਵਿਚ ਗਈ ਸੀ। ਹਰੀਮ ਸ਼ਾਹ ਨੇ ਕਿਹਾ ਕਿ ਉਹ ਨੈਸ਼ਨਲ ਅਸੈਂਬਲੀ ਵੀ ਜਾਂਦੀ ਰਹੀ ਹੈ ਅਤੇ ਕਦੇ ਵੀ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਇਸੇ ਦੌਰਾਨ ਪਾਕਿਸਤਾਨੀ ਮੀਡੀਆ 'ਚ ਵਿਦੇਸ਼ ਮੰਤਰਾਲਾ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਉਹ ਉੱਥੇ ਇਕ ਵਿਜਿਟਰ ਦੇ ਤੌਰ 'ਤੇ ਪਹੁੰਚੀ ਸੀ ਪਰ ਕਾਨਫ਼ਰੰਸ ਰੂਮ ਵਿਚ ਕਿਸੇ ਸਟਾਫ਼ ਦੀ ਮਦਦ ਨਾਲ ਗਈ।
ਵਾਇਰਲ ਹੋਈ ਸੀ ਪਾਕਿਸਤਾਨੀ ਮੰਤਰੀ ਨਾਲ ਸੈਕਸ ਚੈਟ : ਹਰੀਮ ਸ਼ਾਹ ਤਦ ਸੁਰਖੀਆਂ ਵਿਚ ਆਈ ਸੀ ਜਦੋਂ ਉਸ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਉਹ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨਾਲ ਵੀਡੀਓ ਚੈਟ ਕਰ ਰਹੀ ਹੈ। ਇਸ ਵੀਡੀਓ ਵਿਚ ਉਹ ਇਮਰਾਨ ਦੇ ਮੰਤਰੀ 'ਤੇ ਗੁੱਸਾ ਹੋ ਰਹੀ ਹੈ। ਇਸ ਵੀਡੀਓ ਵਿਚ ਹਰੀਮ ਸ਼ਾਹ ਕਹਿੰਦੀ ਹੈ, 'ਮੈਂ ਅੱਜ ਤਕ ਤੁਹਾਡੇ ਕਿਸੇ ਰਾਜ ਤੋਂ ਪਰਦਾ ਨਹੀਂ ਚੁਕਿਆ...ਤੁਸੀ ਵੀਡੀਓ 'ਚ ਗ਼ਲਤ-ਗ਼ਲਤ ਕਿਸਮ ਦੀਆਂ ਹਰਕਤਾਂ ਕਰਦੇ ਸੀ। ਪਿਛਲੇ ਕਰੀਬ ਇਕ ਹਫ਼ਤੇ ਤੋਂ ਇਹ ਵੀਡੀਓ ਪਾਕਿਸਤਾਨੀ ਸੋਸ਼ਲ ਮੀਡੀਆ ਵਿਚ ਸੁਰਖੀਆਂ ਬਟੋਰ ਰਿਹਾ ਹੈ। ਮੀਡੀਆ ਇਮਰਾਨ ਸਰਕਾਰ 'ਤੇ ਸਵਾਲ ਵੀ ਖੜ੍ਹੇ ਕਰ ਰਿਹਾ ਹੈ।