ਇਸ ਗਾਇਕ ਨੂੰ ਜੱਜ ਨੇ ਦਿਤੀ ਅਮਰੀਕਾ ’ਚ ਅਪਰਾਧਾਂ ਵਿਰੁਧ ਗੀਤ ਲਿਖਣ ਦੀ ਸਜ਼ਾ, ਜਾਣੋ ਕੀ ਕਰ ਦਿਤਾ ਸੀ ਗੁਨਾਹ
ਗ੍ਰੈਮੀ ਪੁਰਸਕਾਰ ਜੇਤੂ ਈਰਾਨੀ ਗਾਇਕ ਨੂੰ ਪ੍ਰਦਰਸ਼ਨਾਂ ਬਾਰੇ ਗੀਤ ਤਿਆਰ ਕਰਨ ਲਈ ਤਿੰਨ ਸਾਲ ਦੀ ਸਜ਼ਾ
ਦੁਬਈ: ਈਰਾਨ ’ਚ ਮਹਸਾ ਅਮੀਨੀ ਦੀ ਮੌਤ ਦੇ ਵਿਰੋਧ ’ਚ 2022 ’ਚ ਹੋਏ ਪ੍ਰਦਰਸ਼ਨਾਂ ਦੇ ਸਮਰਥਨ ’ਚ ਗਾਣਾ ਗਾਉਣ ਵਾਲੇ ਗ੍ਰੈਮੀ ਪੁਰਸਕਾਰ ਜੇਤੂ ਗਾਇਕ ਨੂੰ ਤਿੰਨ ਸਾਲ ਤੋਂ ਜ਼ਿਆਦਾ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੇਰਵਿਨ ਹਾਜੀਪੁਰ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਨੇ ਉਨ੍ਹਾਂ ਦੇ ਗੀਤ ‘ਫਾਰ’ ਲਈ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਸ਼ੁਕਰਵਾਰ ਨੂੰ ਇੰਸਟਾਗ੍ਰਾਮ ’ਤੇ ਅਪਣੀ ਸਜ਼ਾ ਦਾ ਐਲਾਨ ਕੀਤਾ।
ਉਸੇ ਦਿਨ ਈਰਾਨ ’ਚ ਸੰਸਦੀ ਚੋਣਾਂ ਹੋਈਆਂ ਸਨ। ਅਦਾਲਤ ਨੇ ਹਾਜੀਪੁਰ ਨੂੰ ‘ਸਿਸਟਮ ਵਿਰੁਧ ਪ੍ਰਚਾਰ’ ਕਰਨ ਅਤੇ ‘ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਉਕਸਾਉਣ’ ਦੇ ਦੋਸ਼ਾਂ ’ਚ ਤਿੰਨ ਸਾਲ ਅਤੇ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਅਦਾਲਤ ਨੇ ਪਾਇਆ ਕਿ ਗਾਇਕ ਨੇ ਗਾਣਾ ਪ੍ਰਸਾਰਿਤ ਕਰਨ ਲਈ ਉਚਿਤ ਤਰੀਕੇ ਨਾਲ ਦੁੱਖ ਨਹੀਂ ਪ੍ਰਗਟਾਇਆ ਸੀ ਅਤੇ ਇਸ ਲਈ ਉਸ ਨੂੰ ਸਜ਼ਾ ਸੁਣਾਈ ਗਈ। ਅਦਾਲਤ ਨੇ ਹਾਜੀਪੁਰ ’ਤੇ ਦੋ ਸਾਲ ਦੀ ਯਾਤਰਾ ਪਾਬੰਦੀ ਵੀ ਲਗਾਈ ਅਤੇ ਉਨ੍ਹਾਂ ਨੂੰ ‘ਅਮਰੀਕਾ ਵਿਚ ਅਪਰਾਧਾਂ’ ਬਾਰੇ ਇਕ ਗੀਤ ਲਿਖਣ ਅਤੇ ਉਨ੍ਹਾਂ ਅਪਰਾਧਾਂ ਬਾਰੇ ਆਨਲਾਈਨ ਪੋਸਟ ਕਰਨ ਦਾ ਹੁਕਮ ਦਿਤਾ।
ਹਾਜੀਪੁਰ ਨੇ ਅਪਣੇ ਵਕੀਲਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮੈਂ ਜੱਜ ਅਤੇ ਸਰਕਾਰੀ ਵਕੀਲ ਦੇ ਨਾਂ ਦਾ ਜ਼ਿਕਰ ਨਹੀਂ ਕਰਾਂਗਾ ਤਾਂ ਜੋ ਉਨ੍ਹਾਂ ਨੂੰ ਅਪਮਾਨਿਤ ਅਤੇ ਡਰਾਇਆ ਨਾ ਜਾ ਸਕੇ ਕਿਉਂਕਿ ਮਨੁੱਖਤਾ ਦੇ ਧਰਮ ਵਿਚ ਅਪਮਾਨ ਅਤੇ ਧਮਕੀਆਂ ਮੌਜੂਦ ਨਹੀਂ ਹਨ। ਆਖਰਕਾਰ, ਇਕ ਦਿਨ ਅਸੀਂ ਇਕ ਦੂਜੇ ਨੂੰ ਸਮਝਾਂਗੇ।’’
ਚੋਣਾਂ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਈਰਾਨ ਦੇ ਸਰਕਾਰੀ ਮੀਡੀਆ ਨੇ ਹਾਜੀਪੁਰ ਦੀ ਸਜ਼ਾ ਦਾ ਕੋਈ ਜ਼ਿਕਰ ਨਹੀਂ ਕੀਤਾ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਮਿਸ਼ਨ ਨੇ ਟਿਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿਤਾ। ਈਰਾਨ ਵਿਚ ਪ੍ਰਦਰਸ਼ਨਾਂ ਤੋਂ ਬਾਅਦ ਕਾਰਕੁਨਾਂ, ਪੱਤਰਕਾਰਾਂ ਅਤੇ ਕਲਾਕਾਰਾਂ ਨੂੰ ਗ੍ਰਿਫਤਾਰੀ, ਕੈਦ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।