ਮਦਰੱਸੇ ’ਤੇ ਹਮਲਾ ਕਰਨ ਵਾਲਿਆਂ ਬਾਰੇ ਸੂਚਨਾ ਦੇਣ ’ਤੇ ਕੀਤਾ ਇਨਾਮ ਦਾ ਐਲਾਨ
ਮੌਲਾਨਾ ਹਾਮਿਦੁਲ ਹੱਕ ਹੱਕਾਨੀ ਸਣੇ 8 ਲੋਕਾਂ ਦੀ ਹੋਈ ਸੀ ਮੌਤ
ਪੇਸ਼ਾਵਰ : ਪਾਕਿਸਤਾਨ ਪੁਲਿਸ ਨੇ ਅਸ਼ਾਂਤ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਦਾਰੂਲ ਉਲੂਮ ਹੱਕਾਨੀਆ ਮਦਰੱਸੇ ਨੂੰ ਨਿਸ਼ਾਨਾ ਬਣਾਉਣ ਵਾਲੇ ਅਣਪਛਾਤੇ ਆਤਮਘਾਤੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ ਵਿੱਤੀ ਇਨਾਮ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿਚ ਮੌਲਾਨਾ ਸਮੀਉਲ ਹੱਕ ਦੇ ਪੁੱਤਰ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਲੋਕ ਜ਼ਖ਼ਮੀ ਹੋ ਗਏ ਸਨ।
ਖ਼ੈਬਰ ਪਖ਼ਤੂਨਖਵਾ ਪੁਲਿਸ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਜਮੀਅਤ ਉਲੇਮਾ-ਏ-ਇਸਲਾਮ (ਸਾਮੀ ਸਮੂਹ) ਦੇ ਮੁਖੀ ਅਤੇ ਨੌਸ਼ਹਿਰਾ ਜ਼ਿਲ੍ਹੇ ਦੇ ਅਕੋਰਾ ਖਟਕ ਵਿਚ ਸਥਿਤ ਮਦਰੱਸਾ-ਏ-ਹੱਕਾਨੀਆ ਦੀ ਦੇਖ-ਰੇਖ ਕਰਨ ਵਾਲੇ ਹਾਮਿਦੁਲ ਹੱਕ ਹੱਕਾਨੀ ਦੀ ਹਤਿਆ ਕਰਨ ਵਾਲੇ ਆਤਮਘਾਤੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਖ਼ੈਬਰ ਪਖ਼ਤੂਨਖਵਾ ਪੁਲਿਨੇ ਸ਼ੱਕੀ ਆਤਮਘਾਤੀ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਅਤੇ ਜਨਤਾ ਨੂੰ ਭਰੋਸਾ ਦਿਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰਖਿਆ ਜਾਵੇਗਾ। ਹੱਕਾਨੀ ਦੇ ਪੁੱਤਰ ਮੌਲਾਨਾ ਅਬਦੁਲ ਹੱਕ ਸਾਨੀ ਦੀ ਸ਼ਿਕਾਇਤ ’ਤੇ ਐਫ਼ਆਈਆਰ ਦਰਜ ਕੀਤੀ ਗਈ, ਜੋ ਅਪਣੇ ਪਿਤਾ ਦੇ ਨਾਲ ਸੀ ਅਤੇ ਇਸ ਹਮਲੇ ਵਿਚ ਉਹ ਵੀ ਜ਼ਖ਼ਮੀ ਹੋਇਆ ਹੈ।