ਸਾਥੀ ਯੂਰਪੀ ਦੇਸ਼ਾਂ ’ਚ ਪ੍ਰਮਾਣੂ ਬੰਬ ਨਾਲ ਲੈਸ ਜਹਾਜ਼ ਤੈਨਾਤ ਕਰੇਗਾ ਫ਼ਰਾਂਸ : ਫ਼ਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ
ਯੂਰਪ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ਲਈ ਕੀਤਾ ਫ਼ੈਸਲਾ
- 1992 ਮਗਰੋਂ ਪਹਿਲੀ ਵਾਰ ਫਰਾਂਸ ਨੇ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ ਵੀ ਵਧਾਉਣ ਦਾ ਐਲਾਨ ਕੀਤਾ
ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਐਲਾਨ ਕੀਤਾ ਹੈ ਕਿ ਫਰਾਂਸ ਆਪਣੀ ਨਵੀਂ ਪਰਮਾਣੂ ਰਣਨੀਤੀ ਦੇ ਤਹਿਤ ਆਪਣੇ ਪਰਮਾਣੂ ਹਥਿਆਰਾਂ ਨਾਲ ਲੈਸ ਜਹਾਜ਼ਾਂ ਨੂੰ ਸਾਥੀ ਯੂਰਪੀ ਦੇਸ਼ਾਂ ਵਿੱਚ ਅਸਥਾਈ ਤੌਰ ’ਤੇ ਤਾਇਨਾਤ ਕਰਨ ਦੀ ਇਜਾਜ਼ਤ ਦੇਵੇਗਾ। ਮੈਕਰੋਂ ਨੇ ਕਿਹਾ ਕਿ ਇਹ ਕਦਮ ਯੂਰਪ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ਲਈ ਚੁਕਿਆ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਬਾਰੇ ਫੈਸਲਾ ਸਿਰਫ਼ ਫਰਾਂਸ ਦੇ ਰਾਸ਼ਟਰਪਤੀ ਦੇ ਹੱਥ ਵਿੱਚ ਰਹੇਗਾ।
ਇਸ ਸੰਬੰਧੀ ਗੱਲਬਾਤ ਬਰਤਾਨੀਆਂ, ਜਰਮਨੀ, ਪੋਲੈਂਡ, ਨੀਦਰਲੈਂਡ, ਬੈਲਜੀਅਮ, ਗ੍ਰੀਸ, ਸਵੀਡਨ ਅਤੇ ਡੈਨਮਾਰਕ ਨਾਲ ਸ਼ੁਰੂ ਹੋ ਚੁੱਕੀ ਹੈ। ਮੈਕਰੋਂ ਨੇ ਇਹ ਵੀ ਦੱਸਿਆ ਕਿ ਫਰਾਂਸ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਏਗਾ, ਜੋ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ।
ਜਰਮਨੀ ਦੇ ਚਾਂਸਲਰ ਫ੍ਰੀਡਰਿਖ ਮੇਰਜ਼ ਨਾਲ ਸਾਂਝੇ ਬਿਆਨ ਵਿੱਚ ਦੋਵੇਂ ਨੇ ਪਰਮਾਣੂ ਰੋਕਥਾਮ ਖੇਤਰ ਵਿੱਚ ਵਧੇਰੇ ਸਹਿਯੋਗ ਦਾ ਸਵਾਗਤ ਕੀਤਾ। ਇਸ ਵਿੱਚ ਜਰਮਨ ਫੌਜੀ ਦਸਤਿਆਂ ਦੀ ਫਰਾਂਸੀਸੀ ਪਰਮਾਣੂ ਅਭਿਆਸਾਂ ਵਿੱਚ ਸ਼ਮੂਲੀਅਤ ਅਤੇ ਸਾਂਝੇ ਦੌਰੇ ਸ਼ਾਮਲ ਹਨ।
ਮੈਕਰੋਂ ਨੇ ਕਿਹਾ ਕਿ ਯੂਰਪ ਨੂੰ ਆਪਣੀ ਸੁਰੱਖਿਆ ਲਈ ਖੁਦ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ‘‘ਆਜ਼ਾਦ ਹੋਣ ਲਈ, ਡਰਾਉਣਾ ਹੋਣਾ ਲਾਜ਼ਮੀ ਹੈ।’’ ਫਰਾਂਸ, ਬਰਤਾਨੀਆਂ ਦੇ ਯੂਰਪੀ ਸੰਘ ਤੋਂ ਬਾਹਰ ਜਾਣ ਤੋਂ ਬਾਅਦ, ਯੂਰਪੀ ਯੂਨੀਅਨ ਦਾ ਇਕੱਲਾ ਪਰਮਾਣੂ ਤਾਕਤ ਵਾਲਾ ਦੇਸ਼ ਹੈ।