ਭਾਈ ਫ਼ੋਕੋਰਾਮਾ ਫ਼ੈਸਟੀਵਲ 'ਚ 'ਪੰਜਾਬ ਮੰਚ' ਤੇ ਹੋਵੇਗੀ ਕਲਾਤਮਕ ਪੇਸ਼ਕਾਰੀ
ਇੰਟਰਨੈਸ਼ਨਲ ਕੌਂਸਲ ਆਫ਼ ਆਰਗੇਨਾਈਜੇਸ਼ਨਜ਼ ਆਫ਼ ਫ਼ੋਕੋਰਾਮਾ ਫ਼ੈਸਟੀਵਲ ਐਂਡ ਫ਼ੋਕ ਆਰਟਸ ਵੱਲੋਂ 48ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾ ਰਿਹਾ ਹੈ । ਪ੍ਰੀਮੀਅਰ ਬ੍ਰਾਇਨ ਪੈਲਿਸਰ
ਵਿੰਨੀਪੈਗ, 29 ਜੁਲਾਈ (ਸੁਰਿੰਦਰ ਮਾਵੀ) : ਇੰਟਰਨੈਸ਼ਨਲ ਕੌਂਸਲ ਆਫ਼ ਆਰਗੇਨਾਈਜੇਸ਼ਨਜ਼ ਆਫ਼ ਫ਼ੋਕੋਰਾਮਾ ਫ਼ੈਸਟੀਵਲ ਐਂਡ ਫ਼ੋਕ ਆਰਟਸ ਵੱਲੋਂ 48ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾ ਰਿਹਾ ਹੈ । ਪ੍ਰੀਮੀਅਰ ਬ੍ਰਾਇਨ ਪੈਲਿਸਰ ਬੋਲਦਿਆਂ ਕਿਹਾ ਡਾਇਵਰਸਟੀ ਕੈਨੇਡਾ ਦਾ ਇਹ ਅਨਿਖੜਵਾਂ ਅੰਗ ਹੈ । ਇਸ ਮੇਲੇ ਦੌਰਾਨ ਇਹ ਸਾਨੂੰ ਆਮ ਦੇਖਣ ਨੂੰ ਮਿਲੇਗੀ ਜਿਸ ਵਿਚ ਵੱਖ-ਵੱਖ ਦੇਸਾਂ ਦੇ ਸਭਿਆਚਾਰਾਂ ਨਾਲ ਸਬੰਧਤ ਵੰਨਗੀਆਂ ਅਤੇ ਖਾਣੇ ਪੇਸ਼ ਕੀਤੇ ਜਾਣਗੇ। ਮੀਡੀਆ ਮਿਲਣੀ ਵਿਚ ਬੋਲਦਿਆਂ ਫ਼ੋਕੋਰਾਮਾ ਬੋਰਡ ਦੇ ਪ੍ਰਧਾਨ ਅਵਰੌਮ ਚੈਰਸ਼ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਵੱਖ-ਵੱਖ ਸਭਿਆਚਾਰਾਂ ਦੀ ਉਨਤੀ ਲਈ ਇਸ ਮਿਸ਼ਨ ਵਿਚ ਲੱਗੇ ਹੋਏ ਹਾਂ। ਜ਼ਿਕਰਯੋਗ ਹੈ ਕਿ ਇਸ ਮੇਲੇ ਦੀ ਸ਼ੁਰੂਆਤ 1970 ਵਿਚ ਹੋਈ ਸੀ। ਇਹ ਦੁਨੀਆਂ ਦਾ ਅਨੋਖਾ ਇਹੋ ਜਿਹੋ ਮੇਲਾ ਹੈ ਜਿਸ ਵਿਚ ਕੋਈ 40 ਦੇਸਾਂ ਦੇ ਕਲਚਰਲ, ਖਾਣੇ 'ਤੇ ਪਹਿਰਾਵੇ ਦੀ ਗੱਲ ਕਰਦਾ ਹੈ। ਇਹ ਫ਼ੋਕੋਰਾਮਾ ਮੇਲਾ 6 ਅਗੱਸਤ ਤੋਂ 19 ਅਗੱਸਤ ਤਕ ਜਾਰੀ ਰਹੇਗਾ। ਇਸ ਸਾਲ ਹੋਣ ਵਾਲੇ ਦੋ ਹਫ਼ਤਿਆਂ ਦੇ ਮੇਲੇ ਵਿਚ 41 ਮੰਚ ਸਜਾਏ ਗਏ ਹਨ ਤੇ ਮੇਲੇ ਦੀਆਂ ਸਰਗਰਮੀਆਂ 'ਤੇ ਧਿਆਨ ਰੱਖਣ ਲਈ ਲਗਭਗ 20 ਹਜ਼ਾਰ ਵਲੰਟੀਅਰ ਤਾਇਨਾਤ ਕੀਤੇ ਗਏ ਹਨ। ਇਸ ਵਾਰ ਪੂਰੇ ਨਾਰਥ ਅਮਰੀਕਾ ਤੋਂ ਕੋਈ ਪੰਜ ਲੱਖ ਦਰਸ਼ਕਾਂ ਦਾ ਇਸ ਮੇਲੇ ਵਿਚ ਆਉਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਨਿਰਦੇਸ਼ਕ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੋਕਯਾਨ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਵਲੋਂ ਮੇਲੇ ਵਿਚ ਪੂਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ ਜਾਵੇਗੀ। ਇਹਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਇਥੇ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਤ ਭਾਂਤ-ਭਾਂਤ ਦੀਆਂ ਵੰਨਗੀਆਂ ਵੇਖਣ ਦਾ ਵਧੀਆਂ ਮੌਕਾ ਮਿਲੇਗਾ। ਇਸ ਮੇਲੇ ਦੀ ਟਿਕਟ ਛੇ ਡਾਲਰ ਰੱਖੀ ਗਈ ਹੈ ਤੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਦਾਖ਼ਲਾ ਮੁਫ਼ਤ ਹੈ। ਪੰਜਾਬ ਮੰਚ ਦੀ ਸਟੇਜ ਪੰਜਾਬ ਕਲਚਰ ਸੈਂਟਰ, 1770 ਕਿੰਗ ਐਡਵਰਡ ਸਟਰੀਟ ਵਿਖੇ ਸਜਾਈ ਗਈ ਹੈ। ਮੰਚ 'ਤੇ ਵੱਖ-ਵੱਖ ਕਲਾਕਾਰਾਂ ਵਲੋਂ ਪੰਜਾਬ ਦੇ ਸਭਿਆਚਾਰ, ਪੰਜਾਬੀ ਪਹਿਰਾਵੇ, ਲੋਕ-ਨਾਚਾਂ ਅਤੇ ਖਾਣੇ ਦੀ ਕਲਾਤਮਕ ਪੇਸ਼ਕਾਰੀ ਕੀਤੀ ਜਾਵੇਗੀ।