90ਵੇਂ ਸਥਾਪਨਾ ਦਿਵਸ 'ਤੇ ਚੀਨੀ ਫ਼ੌਜ ਨੇ ਵਿਖਾਈ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਇਨਰ ਮੰਗੋਲੀਆ ਦੇ ਝੂਰਿਹੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਫ਼ੌਜੀ ਅੱਡੇ ਵਿਚ ਪੀਪਲਸ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ...

Chinese soldiers

 

ਬੀਜਿੰਗ, 30 ਜੁਲਾਈ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਇਨਰ ਮੰਗੋਲੀਆ ਦੇ ਝੂਰਿਹੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਫ਼ੌਜੀ ਅੱਡੇ ਵਿਚ ਪੀਪਲਸ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ 90ਵੇਂ ਸਥਾਪਨਾ ਦਿਵਸ 'ਤੇ ਆਯੋਜਿਤ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਸ਼ੀ ਜਿਨਪਿੰਗ ਨੇ ਚੀਨੀ ਫ਼ੌਜ ਨੂੰ ਜੰਗ ਲਈ ਤਿਆਰ ਰਹਿਣ ਲਈ
ਕਿਹਾ ਹੈ।
ਸ਼ਿਹੁਆ ਨਿਊਜ਼ ਏਜੰਸੀ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਖੁਦ ਰਾਸ਼ਟਰਪਤੀ ਜਿਨਪਿੰਗ ਨੇ ਫ਼ੌਜ ਦੀ ਵਰਦੀ ਪਹਿਨ ਕੇ ਫ਼ੌਜੀ ਟੁਕੜੀਆਂ ਦਾ ਨਿਰੀਖਣ ਕੀਤਾ। 1 ਅਗਸਤ ਨੂੰ ਆਰਮੀ ਡੇਅ ਮਨਾਇਆ ਜਾਣਾ ਹੈ ਅਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਪਰੇਡ ਹੋਣਾ 1949 ਦੇ ਕਮਿਊਨਿਸਟ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਮੰਨਿਆ ਜਾ ਰਿਹਾ ਹੈ ਅਤੇ ਹੁਣ ਚੀਨ ਪੈਦਲ ਫ਼ੌਜ ਦੀ ਗਿਣਤੀ ਘਟਾ ਕੇ ਤਕਨੀਕੀ ਵਿਕਾਸ 'ਤੇ ਜ਼ੋਰ ਦੇ ਰਿਹਾ ਹੈ।
ਜਾਣਕਾਰੀ ਅਨੁਸਾਰ ਫ਼ੌਜੀ ਸੂਟ ਪਾਏ 64 ਸਾਲਾ ਸ਼ੀ ਜਿਨਪਿੰਗ ਇਕ ਖੁਲ੍ਹੀ ਜੀਪ ਵਿਚ ਜਵਾਨਾਂ ਦੇ ਅੱਗਿਉਂ ਦੀ ਲੰਘੇ ਅਤੇ ਇਸ ਦੌਰਾਨ ਲਾਊਡ ਸਪੀਕਰ ਵਿਚ ਫ਼ੌਜੀ ਸੰਗੀਤ ਵੱਜ ਰਿਹਾ ਸੀ। ਸ਼ੀ ਜਿਨਪਿੰਗ ਸੈਂਟਰਲ ਮਿਲਟਰੀ ਕਮੀਸ਼ਨ ਦੇ ਪ੍ਰਮੁੱਖ ਹਨ, ਜਿਸ ਕੋਲ ਦੁਨੀਆਂ ਦੀ ਸਭ ਤੋਂ ਵੱਡੀ ਸੈਨਾ ਪੀ.ਐਲ.ਏ. ਦਾ ਪੂਰਾ ਕੰਟਰੋਲ ਹੈ। ਸਮਾਰੋਹ ਦਾ ਸਿੱਧਾ ਪ੍ਰਸਾਰਨ ਸਰਕਾਰੀ ਟੀ.ਵੀ. ਅਤੇ ਰੇਡਿਉ 'ਤੇ ਕੀਤਾ ਗਿਆ।
ਪੀ.ਐਲ.ਏ. ਦੀ ਸਥਾਪਨਾ 1 ਅਗਸਤ 1927 ਨੂੰ ਉਦੋਂ ਕੀਤੀ ਗਈ ਸੀ ਜਦੋਂ ਮਾਉ ਤਸੇਤੁੰਗ ਦੀ ਅਗਵਾਈ 'ਚ ਸੱਤਾਧਿਰ ਸੀ.ਪੀ.ਸੀ. ਨੇ ਉਨ੍ਹਾਂ ਦੇ ਰਾਸ਼ਟਰੀ ਮੁਕਤੀ ਅੰਦੋਲਨ ਨੂੰ ਅੱਗੇ ਵਧਾਇਆ ਸੀ। ਇਹ ਉਨ੍ਹਾਂ ਦੁਰਲੱਭ ਰਾਸ਼ਟਰੀ ਫ਼ੌਜੀਆਂ ਵਿਚੋਂ ਇਕ ਹੈ, ਜੋ ਚੀਨੀ ਸਰਕਾਰ ਦੀ ਬਜਾਏ ਹੁਣ ਵੀ ਸੀ.ਪੀ.ਸੀ. ਦੀ ਅਗਵਾਈ ਵਿਚ ਕੰਮ ਕਰਦੀ ਹੈ।
ਇਸ ਪਰੇਡ ਵਿਚ ਕਰੀਬ 12,000 ਫ਼ੌਜੀਆਂ ਨੇ ਹਿੱਸਾ ਲਿਆ ਅਤੇ 129 ਜਹਾਜ਼ਾਂ ਅਤੇ 571 ਉਪਕਰਨਾਂ ਦੀ ਇਸ ਦੌਰਾਨ ਪ੍ਰਦਰਸ਼ਨ ਕੀਤਾ ਗਿਆ। ਡੋਂਗਫੇਂਗ ਮਿਜ਼ਾਈਲਾਂ (ਜਿਸ ਵਿਚ ਛੋਟੀ, ਵੱਡੀ ਅਤੇ ਮੀਡੀਅਮ ਸੀਮਾ ਦੇ ਰਾਕੇਟ ਸ਼ਾਮਲ ਹਨ) ਅਤੇ ਲਾਈਟ ਟੈਂਕ ਅਤੇ ਡੋਨ ਸਮੇਤ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸੈਨਿਕਾਂ ਨੇ ਹੈਲੀਕਾਪਟਰ ਨਾਲ ਯੁੱਧ ਵੇਲੇ ਤੀਬਰਤਾ ਨਾਲ ਉਤਰਨ ਅਤੇ ਯੁੱਧ ਲਈ ਤਿਆਰ ਹੋਣ ਦੀ ਭੂਮਿਕਾ ਦਾ ਪ੍ਰਦਰਸ਼ਨ ਕੀਤਾ।
ਇਹ ਪਰੇਡ ਅਜਿਹੇ ਸਮੇਂ ਵਿਚ ਆਯੋਜਿਤ ਕੀਤੀ ਗਈ ਜਦੋਂ ਸਿੱਕਮ ਖੇਤਰ ਦੇ ਡੋਕਾਲਾਮ ਵਿਚ ਭਾਰਤ ਅਤੇ ਚੀਨੀ ਫ਼ੌਜੀਆਂ ਵਿਚ ਇਕ ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ। ਚੀਨ ਡੋਕਾਲਾਮ ਦੇ ਇਲਾਵਾ ਉੱਤਰੀ ਕੋਰੀਆ ਦੀ ਸਥਿਤੀ ਅਤੇ ਅਮਰੀਕਾ ਦੁਆਰਾ ਦਖਣੀ ਕੋਰੀਆ ਵਿਚ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ (ਥਾਡ) ਮਿਜ਼ਾਈਲ ਦੀ ਤੈਨਾਤੀ ਨੂੰ ਲੈ ਕੇ ਚਿੰਤਤ ਹੈ। (ਪੀਟੀਆਈ)