2002 'ਚ ਭਾਰਤ 'ਤੇ ਪ੍ਰਮਾਣੂ ਹਮਲਾ ਕਰਨਾ ਚਾਹੁੰਦਾ ਸੀ ਪਰਵੇਜ਼ ਮੁਸ਼ੱਰਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਭਾਰਤੀ ਸੰਸਦ 'ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਵਿਚਕਾਰ ਉਹ ਪ੍ਰਮਾਣੂ ਹਥਿਆਰ...

Parvez Musharraf

ਦੁਬਈ, 27 ਜੁਲਾਈ : ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਭਾਰਤੀ ਸੰਸਦ 'ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਵਿਚਕਾਰ ਉਹ ਪ੍ਰਮਾਣੂ ਹਥਿਆਰ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਹੇ ਸਨ। ਪਰ ਭਾਰਤ ਵਲੋਂ ਜਵਾਬੀ ਕਾਰਵਾਈ ਦੇ ਡਰੋਂ ਅਪਣਾ ਫੈਸਲਾ ਟਾਲ ਦਿਤਾ ਸੀ।
ਮੁਸ਼ੱਰਫ (73) ਇਸ ਸਮੇਂ ਪਾਕਿਸਤਾਨੀ ਅਦਾਲਤਾਂ 'ਚ ਅਪਣੇ ਵਿਰੁਧ ਚਲ ਰਹੇ ਮਾਮਲਿਆਂ ਤੋਂ ਬਚਣ ਲਈ ਦੇਸ਼ ਤੋਂ ਬਾਹਰ ਰਹਿ ਰਹੇ ਹਨ। ਇਕ ਜਾਪਾਨੀ ਅਖ਼ਬਾਰ ਨੂੰ ਦਿਤੇ ਇੰਟਰਵਿਊ 'ਚ ਮੁਸ਼ੱਰਫ ਨੇ ਉਸ ਦੌਰ ਨੂੰ ਯਾਦ ਕਰਦਿਆਂ ਦਸਿਆ ਕਿ ਪ੍ਰਮਾਣੂ ਹਥਿਆਰਾਂ ਨੂੰ ਮੋਰਚਿਆਂ 'ਤੇ ਤੈਨਾਤ ਕਰਨ ਬਾਰੇ ਸੋਚ ਕੇ ਉਨ੍ਹਾਂ ਨੂੰ ਕਈ ਰਾਤਾਂ ਨੀਂਦ ਨਹੀਂ ਸੀ ਆਈ।
ਮੁਸ਼ੱਰਫ ਨੇ ਕਿਹਾ ਕਿ ਸਾਲ 2001 ਵਿਚ ਭਾਰਤ ਦੀ ਸੰਸਦ 'ਤੇ ਅਤਿਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ। ਇਹ ਤਣਾਅ ਇੰਨਾ ਵੱਧ ਗਿਆ ਸੀ ਕਿ ਸਾਲ 2002 ਦੀ ਸ਼ੁਰੂਆਤ ਵਿਚ ਪ੍ਰਮਾਣੂ ਹਮਲੇ ਦਾ ਖ਼ਤਰਾ ਪੈਦਾ ਹੋ ਗਿਆ ਸੀ। ਮੁਸ਼ੱਰਫ ਨੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਭਾਰਤ ਦੇ ਜਵਾਬੀ ਹਮਲੇ ਦੇ ਡਰ ਕਾਰਨ ਮੁਸ਼ੱਰਫ ਨੇ ਅਪਣਾ ਫੈਸਲਾ ਟਾਲ ਦਿਤਾ।
ਰਾਸ਼ਟਰਪਤੀ ਵਜੋਂ ਮੁਸ਼ੱਰਫ ਨੇ ਉਸ ਸਮੇਂ ਵੀ ਜਨਤਕ ਤੌਰ 'ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਉਂਜ ਮੁਸ਼ੱਰਫ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਈ ਵਾਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਫ਼ੌਜ ਮੁਖੀ ਰਹੇ ਮੁਸ਼ੱਰਫ ਨੇ ਉਸ ਸਮੇਂ ਦੀ ਨਵਾਜ਼ ਸ਼ਰੀਫ਼ ਸਰਕਾਰ ਨੂੰ ਬਰਖ਼ਾਸਤ ਕਰ ਕੇ ਪਾਕਿਸਤਾਨ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਮੁਸ਼ੱਰਫ ਨੇ 1999 ਵਿਚ ਖੁਦ ਨੂੰ ਪਾਕਿਸਤਾਨ ਦਾ ਫ਼ੌਜ ਮੁਖੀ ਐਲਾਨ ਕਰ ਦਿਤਾ ਸੀ। ਇਸ ਦੌਰਾਨ ਉਹ ਸਾਲ 2001 ਤੋਂ 2008 ਤਕ ਰਾਸ਼ਟਰਪਤੀ ਅਹੁਦੇ 'ਤੇ ਵੀ ਰਹੇ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਮੁਸ਼ੱਰਫ ਪਿਛਲੇ ਤਕਰੀਬਨ ਇਕ ਸਾਲ ਤੋਂ ਦੁਬਈ ਵਿਚ ਰਹਿ ਰਹੇ ਹਨ। ਉਨ੍ਹਾਂ ਨੂੰ ਮੈਡੀਕਲ ਵੀਜ਼ਾ ਦੇ ਆਧਾਰ 'ਤੇ ਦੇਸ਼ ਵਿਚੋਂ ਬਾਹਰ ਜਾਣ ਦੀ ਮਨਜ਼ੂਰੀ ਦਿਤੀ ਗਈ ਸੀ।