ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕੀ ਨਿਆਂ ਵਿਭਾਗ ਤੋਂ ਹਿੰਦੂਆਂ ਵਿਰੁਧ ਵਧਦੇ ਅਪਰਾਧਾਂ ਬਾਰੇ ਵੇਰਵੇ ਮੰਗੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਸਦ ਮੈਂਬਰਾਂ ’ਚ ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ, ਥਾਨੇਦਾਰ ਪ੍ਰਮਿਲਾ ਜੈਪਾਲ ਅਤੇ ਅਮੀ ਬੇਰਾ ਨੇ ਚੁਕਿਆ ਮੁੱਦਾ

Raja Krishnamoorthi, Ro Khanna, and Thanedar Pramila Jaipal

ਵਾਸ਼ਿੰਗਟਨ: ਭਾਰਤੀ ਮੂਲ ਦੇ ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਨਿਆਂ ਵਿਭਾਗ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਤੋਂ ਇਸ ਸਾਲ ਦੇਸ਼ ’ਚ ਹਿੰਦੂਆਂ ਵਿਰੁਧ ਨਫ਼ਰਤੀ ਅਪਰਾਧਾਂ ’ਚ ਵਾਧੇ ਅਤੇ ਮੰਦਰਾਂ ’ਚ ਭੰਨਤੋੜ ਦੇ ਮਾਮਲੇ ’ਚ ਵੇਰਵੇ ਮੰਗੇ ਹਨ।

ਇਨ੍ਹਾਂ ਸੰਸਦ ਮੈਂਬਰਾਂ ’ਚ ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ, ਥਾਨੇਦਾਰ ਪ੍ਰਮਿਲਾ ਜੈਪਾਲ ਅਤੇ ਅਮੀ ਬੇਰਾ ਸ਼ਾਮਲ ਹਨ। ਉਨ੍ਹਾਂ ਨੇ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੀ ਕ੍ਰਿਸਟਨ ਕਲਾਰਕ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤਕ ਮੰਦਰਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਨੇ ਹਿੰਦੂ ਅਮਰੀਕੀਆਂ ’ਚ ਡੂੰਘੀ ਚਿੰਤਾ ਪੈਦਾ ਕਰ ਦਿਤੀ ਹੈ।

ਉਨ੍ਹਾਂ ਕਿਹਾ, ‘‘ਇਨ੍ਹਾਂ ਪ੍ਰਭਾਵਤ ਭਾਈਚਾਰਿਆਂ ਦੇ ਨੇਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਸ਼ਾਮਲ ਸ਼ੱਕੀਆਂ ਬਾਰੇ ਕੋਈ ਸੁਰਾਗ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਡਰ ਅਤੇ ਸਹਿਮ ਵਿਚ ਰਹਿ ਰਹੇ ਹਨ। ਸਾਡੇ ਭਾਈਚਾਰੇ ਇਨ੍ਹਾਂ ਪੱਖਪਾਤ-ਪ੍ਰੇਰਿਤ ਅਪਰਾਧਾਂ ’ਚ ਕਾਨੂੰਨ ਲਾਗੂ ਕਰਨ ਦੇ ਤਾਲਮੇਲ ਬਾਰੇ ਚਿੰਤਤ ਹਨ ਅਤੇ ਇਸ ਬਾਰੇ ਸਵਾਲ ਹਨ ਕਿ ਕੀ ਸੰਘੀ ਏਜੰਸੀ ਕਾਨੂੰਨ ਦੇ ਤਹਿਤ ਬਰਾਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਚਿਤ ਨਿਗਰਾਨੀ ਕਰ ਰਹੀ ਹੈ।’’ ਪ੍ਰਤੀਨਿਧੀ ਸਭਾ ’ਚ ਇਸ ਸਮੇਂ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ। ਇਹ ਬਹੁਤ ਘੱਟ ਹੁੰਦਾ ਹੈ ਕਿ ਸਾਰੇ ਪੰਜ ਸੰਸਦ ਮੈਂਬਰ ਕਿਸੇ ਮੁੱਦੇ ’ਤੇ ਇਕੱਠੇ ਹੁੰਦੇ ਹਨ।