ਤਾਜ਼ੀ ਹਵਾ ਲੈਣ ਲਈ ਮੁਸਾਫ਼ਰ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿਤਾ
'ਸਾਊਥ ਚਾਈਨ ਮੋਰਨਿੰਗ ਪੋਸਟ' ਦੇ ਹਵਾਲੇ ਤੋਂ ਇਸ ਘਟਨਾ ਦੀ ਜਾਣਕਾਰੀ ਮੰਗਲਵਾਰ ਨੂੰ ਦਿਤੀ ਗਈ।
ਬੀਜਿੰਗ, 1 ਮਈ : ਚੀਨ 'ਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਥੇ ਜਹਾਜ਼ ਦੇ ਉਡਾਨ ਭਰਨ ਤੋਂ ਠੀਕ ਪਹਿਲਾਂ ਇਕ ਚੀਨੀ ਮੁਸਾਫ਼ਰ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿਤਾ। ਜਦੋਂ ਉਸ ਨੂੰ ਅਜਿਹਾ ਕਰਨ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਬਹੁਤ ਗਰਮੀ ਲੱਗ ਰਹੀ ਸੀ ਅਤੇ ਉਹ ਤਾਜ਼ੀ ਹਵਾ ਲੈਣਾ ਚਾਹੁੰਦਾ ਸੀ। 'ਸਾਊਥ ਚਾਈਨ ਮੋਰਨਿੰਗ ਪੋਸਟ' ਦੇ ਹਵਾਲੇ ਤੋਂ ਇਸ ਘਟਨਾ ਦੀ ਜਾਣਕਾਰੀ ਮੰਗਲਵਾਰ ਨੂੰ ਦਿਤੀ ਗਈ। ਇਸ ਵਿਅਕਤੀ ਦਾ ਨਾਂ ਗੁਪਤ ਰਖਿਆ ਗਿਆ ਹੈ, ਸਿਰਫ਼ ਉਪਨਾਮ 'ਚੇਨ' ਦਸਿਆ ਗਿਆ ਹੈ।ਜਾਣਕਾਰੀ ਮੁਤਾਬਕ ਹਾਈਨਾਨ ਟਾਪੂ ਤੋਂ ਪਰਤ ਰਹੇ 25 ਸਾਲਾ ਚੇਨ ਦਾ ਕਹਿਣਾ ਹੈ ਕਿ ਉਸ ਨੂੰ ਜਹਾਜ਼ 'ਚ ਬਹੁਤ ਗਰਮੀ ਲੱਗ ਰਹੀ ਸੀ। ਉਸ ਨੂੰ ਲਗਿਆ ਕਿ ਉਹ ਖਿੜਕੀ ਖੋਲ੍ਹ ਰਿਹਾ ਹੈ, ਪਰ ਇਹ ਐਮਰਜੈਂਸੀ ਦਰਵਾਜਾ ਸੀ।
ਉਸ ਨੇ ਜਿਵੇਂ ਹੀ ਜ਼ੋਰ ਲਗਾਇਆ ਤਾਂ ਪੂਰਾ ਪੈਨਲ ਹੇਠਾਂ ਡਿੱਗ ਪਿਆ। ਉਹ ਪੂਰੀ ਤਰ੍ਹਾਂ ਘਬਰਾ ਗਿਆ ਸੀ।ਚੇਨ ਮੁਤਾਬਕ ਉਸ ਨੂੰ ਨਹੀਂ ਪਤਾ ਸੀ ਕਿ ਇਹ ਐਮਰਜੈਂਸੀ ਐਗਜ਼ਿਟ ਡੋਰ ਹੈ। ਫਿਲਹਾਲ ਚੇਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਨੂੰ 15 ਦਿਨ ਤਕ ਜੇਲ ਵਿਚ ਰਹਿਣਾ ਪੈ ਸਕਦਾ ਹੈ ਅਤੇ ਉਸ 'ਤੇ ਏਅਰਲਾਈਨਜ਼ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ 70,000 ਯੁਆਨ (ਕਰੀਬ 7.30 ਲੱਖ ਰੁਪਏ) ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਸੰਭਵ ਤੌਰ 'ਤੇ ਚੇਨ ਦੇ ਨਾਮ ਨੂੰ ਚੀਨ ਦੀ ਬਦਨਾਮ ਟ੍ਰੈਵਲ ਬਲੈਕ ਲਿਸਟ ਵਿਚ ਪਾਇਆ ਜਾ ਸਕਦਾ ਹੈ। (ਪੀਟੀਆਈ)