ਕਾਂਗਰਸ ਅਗਲੀਆਂ ਤਿੰਨ-ਚਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦਾ ‘ਸਫ਼ਾਇਆ’ ਕਰ ਦੇਵੇਗੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਭਾਜਪਾ ਸਿਰਫ਼ ਰੌਲਾ ਪਾਉਣ ’ਚ ਮਾਹਰ, ਭਾਰਤੀ ਆਬਾਦੀ ਦਾ ਵੱਡਾ ਹਿੱਸਾ ਉਸ ਦੀ ਹਮਾਇਤ ਨਹੀਂ ਕਰਦਾ

Washington: Congress leader Rahul Gandhi during an interactive session at the National Press Club, in Washington, USA. (PTI Photo)

ਵਾਸ਼ਿੰਗਟਨ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਅਗਲੇ ਤਿੰਨ-ਚਾਰ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ‘ਸਫ਼ਾਇਆ’ ਕਰ ਦੇਵੇਗੀ। 

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਜ਼ਰੂਰੀ ਮੁਢਲੀਆਂ ਚੀਜ਼ਾਂ ਹਨ ਅਤੇ ਭਾਰਤੀ ਆਬਾਦੀ ਦਾ ਇਕ ਵੱਡਾ ਹਿੱਸਾ ਭਾਜਪਾ ਦੀ ਹਮਾਇਤ ਨਹੀਂ ਕਰਦਾ। 

ਅਮਰੀਕਾ ਦੇ ਤਿੰਨ ਸ਼ਹਿਰਾਂ ਦੀ ਅਪਣੀ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਮਸ਼ਹੂਰ ਭਾਰਤੀ-ਅਮਰੀਕੀ ਫ਼ਰੈਂਕ ਇਸਲਾਮ ਵਲੋਂ ਉਨ੍ਹਾਂ ਲਈ ਕਰਵਾਏ ਪ੍ਰੋਗਰਾਮ ’ਚ ਇਹ ਟਿਪਣੀ ਕੀਤੀ। 

ਪ੍ਰੋਗਰਾਮ ’ਚ ਇਕ ਸਵਾਲ ਦੇ ਜਵਾਬ ’ਚ ਰਾਹੁਲ ਨੇ ਕਿਹਾ, ‘‘ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਆਰ.ਐਸ.ਐਸ. (ਰਾਸ਼ਟਰੀ ਸਵੈਮਸੇਵਕ ਸੰਘ) ਅਤੇ ਭਾਜਪਾ ਦੀ ਤਾਕਤ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਅਜਿਹਾ ਨਹੀਂ ਹੈ। ਮੈਂ ਇਥੇ ਇਕ ਛੋਟੀ ਜਿਹੀ ਭਵਿੱਖਬਾਣੀ ਕਰਦਾ ਹਾਂ ਕਿ ਅਗਲੇ ਤਿੰਨ ਤੋਂ ਚਾਰ ਚੋਣਾਂ, ਜੋ ਅਸੀਂ ਭਾਜਪਾ ਵਿਰੁਧ ਸਿੱਧੀਆਂ ਲੜਾਂਗੇ, ਉਨ੍ਹਾਂ ’ਚ ਭਾਜਪਾ ਦਾ ਸਫ਼ਾਇਆ ਹੋਵੇਗਾ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਅਜੇ ਤੁਹਾਨੂੰ ਦਸ ਸਕਦਾ ਹਾਂ ਕਿ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਲਈ ਅਸਲ ’ਚ ਮੁਸ਼ਕਲ ਸਮਾਂ ਆਉਣ ਵਾਲਾ ਹੈ। ਅਸੀਂ ਉਨ੍ਹਾਂ ਨਾਲ ਉਹੀ ਕਰਾਂਗੇ ਜੋ ਅਸੀਂ ਕਰਨਾਟਕ ’ਚ ਕੀਤਾ ਹੈ। ਪਰ ਜੇਕਰ ਤੁਸੀਂ ਭਾਰਤੀ ਮੀਡੀਆ ਤੋਂ ਪੁੱਛੋਗੇ ਤਾਂ ਉਹ ਕਹਿਣਗੇ ਕਿ ਅਜਿਹਾ ਨਹੀਂ ਹੋਵੇਗਾ।’’

ਕਰਨਾਟਕ ’ਚ 10 ਮਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਬਹੁਮਤ ਹਾਸਲ ਕਰ ਕੇ ਭਾਜਪਾ ਨੂੰ ਸਤਾ ਤੋਂ ਬਾਹਰ ਕਰ ਦਿਤਾ ਸੀ। 

ਰਾਹੁਲ ਗਾਂਧੀ ਨੇ ਭਾਰਤੀ-ਅਮਰੀਕੀਆਂ ਦੇ ਸਮੂਹ, ਥਿੰਕ-ਟੈਂਕ ਭਾਈਚਾਰੇ ਦੇ ਮੈਂਬਰਾਂ ਅਤੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤੀ ਪ੍ਰੈੱਸ ਮੌਜੂਦਾ ਸਮੇਂ ’ਚ ਉਹੀ ਦਿਖਾ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਹੱਕ ’ਚ ਹੈ। 

ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ 60 ਫ਼ੀਸਦੀ ਲੋਕ ਭਾਜਪਾ ਨੂੰ ਵੋਟ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਸ਼ੋਰ ਮਚਾਉਣ ਦੇ ਸਾਧਨ ਹਨ, ਇਸ ਲਈ ਉਹ ਚੀਕ ਸਕਦੇ ਹਨ। ਉਹ ਚੀਜ਼ਾਂ ਨੂੰ ਤੋੜ-ਮਰੋੜ ਸਕਦੇ ਹਨ ਅਤੇ ਉਹ ਇਹ ਕੰਮ ਬਹੁਤ ਚੰਗੇ ਤਰੀਕੇ ਨਾਲ ਕਰਦੇ ਹਨ। ਹਾਲਾਂਕਿ ਉਨ੍ਹਾਂ ਕੋਲ ਭਾਰਤੀ ਆਬਾਦੀ ਦਾ ਵਿਸ਼ਾਲ ਬਹੁਮਤ ਬਿਲਕੁਲ ਨਹੀਂ ਹੈ। 

ਨੈਸ਼ਨਲ ਪ੍ਰੈੱਸ ਕਲੱਬ (ਐਨ.ਪੀ.ਸੀ.) ’ਚ ਮੀਡੀਆ ਨਾਲ ਗੱਲਬਾਤ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਅੰਦਰ ਗੁਪਤ ਤਰੀਕੇ ਨਾਲ ਅਜਿਹਾ ਮਾਹੌਲ ਬਣ ਰਿਹਾ ਹੈ ਜੋ ਅਗਲੀਆਂ ਆਮ ਚੋਣਾਂ ’ਚ ਲੋਕਾਂ ਨੂੰ ਹੈਰਾਨ ਕਰ ਦੇਵੇਗਾ। 

ਇਸ ਸਾਲ ਦੇ ਅੰਤ ’ਚ ਪੰਜ ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜੋ 2024 ’ਚ ਹੋਣ ਵਾਲੀਆਂ ਮਹੱਤਵਪੂਰਲ ਆਮ ਚੋਣਾਂ ਲਈ ਆਧਾਰ ਤਿਆਰ ਕਰਨਗੀਆਂ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ’ਚ ਵਿਰੋਧੀ ਪਾਰਟੀਆਂ ਇਕਜੁਟ ਹਨ।