ਅਫ਼ਗ਼ਾਨੀ ਫ਼ੌਜ ਨੇ ਗਲਤੀ ਨਾਲ ਮੋਰਟਾਰ ਦਾਗ਼ਿਆ, ਜਿਸ ਵਿਚ 23 ਲੋਕਾਂ ਦੀ ਮੌਤ ਹੋ ਗਈ : ਸੰਯੁਕਤ ਰਾਸ਼ਟਰ
ਸੋਮਵਾਰ ਨੂੰ ਬੰਬ ਧਮਾਕੇ ਵਿਚ ਹੋਈਆਂ 23 ਮੌਤਾਂ ਦਾ ਮਾਮਲਾ
ਕਾਬੁਲ, 1 ਜੁਲਾਈ : ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਨੇ ਕਿਹਾ ਹੈ ਕਿ ਉਸ ਦੀ ਜਾਂਚ ਵਿਚ ਸੰਕੇਤ ਮਿਲੇ ਹਨ ਕਿ ਅਫ਼ਗ਼ਾਨਿਸਤਾਨ ਦੀ ਫ਼ੌਜ ਨੇ ਇਸ ਹਫ਼ਤੇ ਦਖਣੀ ਹੇਲਮੰਦ ਸੂਬੇ ਦੇ ਇਕ ਭੀੜਭਾੜ ਵਾਲੇ ਬਾਜ਼ਾਰ ਵਿਚ ਗਲਤੀ ਨਾਲ ਮੋਰਟਾਰ ਦਾਗ਼ ਦਿਤਾ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਮੌਤ ਹੋਈ। ਸੂਬੇ ਦੇ ਗਵਰਨਰ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੰਗਿਨ ਜ਼ਿਲ੍ਹੇ ਵਿਚ ਸੋਮਵਾਰ ਨੂੰ ਕਾਰ ਬੰਬ ਧਮਾਕੇ ਅਤੇ ਮੋਰਟਾਰ ਦਾਗ਼ੇ ਜਾਣ ’ਤੇ ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਲਈ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਦੀ ਫ਼ੌਜ ਨੇ ਇਕ ਦੂਜੇ ਨੂੰ ਜ਼ਿੰਮੇਵਾਰ ਦਸਿਆ ਹੈ।
ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਨੇ ਮੰਗਲਵਾਰ ਰਾਤ ਲੜੀਵਾਰ ਟਵੀਟ ਵਿਚ ਕਿਹਾ ਕਿ,‘‘ਕਈ ਭਰੋਸੇਯੋਗ ਸੂਤਰਾਂ ਨੇ ਦਸਿਆ ਹੈ ਕਿ ਅਫ਼ਗ਼ਾਨਿਸਤਾਨੀ ਫ਼ੌਜ ਨੇ ਤਾਲਿਬਾਨ ਦੇ ਹਮਲੇ ਦੇ ਜਵਾਬ ਵਿਚ ਮੋਰਟਾਰ ਦਾਗ਼ੇ, ਜੋ ਨਿਸ਼ਾਨਾ ਖੁੰਝ ਗਏ। ਸੂਤਰਾਂ ਨੇ ਕਿਹਾ ਕਿ ਹਮਲੇ ਦੇ ਸਮੇਂ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਵਿਚਾਲੇ ਲੜਾਈ ਚੱਲ ਰਹੀ ਸੀ। ਸੰਯੁਕਤ ਰਾਸ਼ਟਰ ਨੇ ਇਸ ਗੱਲ ਦੀ ਵਿਸਥਾਰਤ ਜਾਣਕਾਰੀ ਨਹੀਂ ਦਿਤੀ ਕਿ ਉਸ ਦੇ ਮਿਸ਼ਨ ਨੇ ਜਾਂਚ ਕਿਵੇਂ ਕੀਤੀ। (ਪੀਟੀਆਈ)