ਦਖਣੀ ਕੋਰੀਆ : ਗਿਰਜਾਘਰਾਂ ਨੂੰ ‘ਉਚ ਜੋਖ਼ਮ’ ਵਾਲੇ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕਰਨ ’ਤੇ ਵਿਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਖਣੀ ਕੋਰੀਆ ਧਾਰਮਕ ਸਥਾਨਾਂ ਨੂੰ ਵੀ ਨਾਈਟ ਕਲੱਬ, ਬਾਰ ਅਤੇ ਕਰਾਓਕੇ ਚੈਂਬਰਾਂ ਵਾਲੀ ਉਸ ਸੂਚੀ ਵਿਚ ਸ਼ਾਮਲ ਕਰਨ ’ਤੇ ਵਿਚਾਰ

File Photo

ਸਿਓਲ, 1 ਜੁਲਾਈ : ਦਖਣੀ ਕੋਰੀਆ ਧਾਰਮਕ ਸਥਾਨਾਂ ਨੂੰ ਵੀ ਨਾਈਟ ਕਲੱਬ, ਬਾਰ ਅਤੇ ਕਰਾਓਕੇ ਚੈਂਬਰਾਂ ਵਾਲੀ ਉਸ ਸੂਚੀ ਵਿਚ ਸ਼ਾਮਲ ਕਰਨ ’ਤੇ ਵਿਚਾਰ ਕਰ ਰਿਹਾ ਹੈ ਜਿਨਾਂ ਨੂੰ ਕੋਰੋਨਾ ਵਾਇਰਸ ਫੈਲਣ ਸਬੰਧੀ ‘ਉੱਚ ਜ਼ੋਖਮ’ ਵਾਲੇ ਸਥਾਨਾਂ ਦੇ ਤੌਰ ’ਤੇ ਨਿਸ਼ਾਨਬਧ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨਾਂ ਦਾ ਸਬੰਧ ਚਰਚਾਂ ਵਿਚ ਪ੍ਰਾਰਥਨਾ ਸਭਾਵਾਂ ਨਾਲ ਸੀ। ਇਸੇ ਕਾਰਨ ਇਸ ਕਦਮ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
 

ਦਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਚੁੰਗ ਸੇਯ ਕਿਊਜ ਨੇ ਵਾਇਰਸ ਸਬੰਧੀ ਬੁਧਵਾਰ ਨੂੰ ਹੋਈ ਬੈਠਕ ਦੌਰਾਨ ਕਿਹਾ ਕਿ ਦੇਸ਼ ਵਿਚ ਪਿਛਲੇ 3 ਦਿਨਾਂ ਵਿਚ ਸਾਹਮਣੇ ਆਏ 40 ਫ਼ੀ ਸਦੀ ਤੋਂ ਜ਼ਿਆਦਾ ਮਾਮਲੇ ਪ੍ਰਾਰਥਨਾ ਵਾਲੀ ਥਾ ਨਾਲ ਸਬੰਧਤ ਪਾਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਧਾਰਮਕ ਇਕੱਠ ਵਿਚ ਨਾ ਜਾਣ ਦੀ ਅਪੀਲ ਕੀਤੀ ਅਤੇ ਬਚਾਅ ਸਬੰਧੀ ਢੁਕਵੇਂ ਉਪਾਅ ਲਾਗੂ ਕਰਨ ਵਿਚ ਅਸਫ਼ਲ ਰਹਿਣ ਲਈ ਚਰਚਾਂ ਅਤੇ ਹੋਰ ਥਾਵਾਂ ਦੀ ਆਲੋਚਨਾ ਕੀਤੀ। 

ਚੁੰਗ ਨੇ ਕਿਹਾ,‘‘ਜੇਕਰ ਧਾਰਮਕ ਸਥਾਨ ਵਾਇਰਸ ਦੀ ਰੋਕਥਾਮ ਸਬੰਧੀ ਉਪਾਅ ਲਾਗੂ ਕਰਨ ਵਿਚ ਅਸਫ਼ਲ ਰਹਿੰਦੇ ਹਨ ਅਤੇ ਕੋਰੋਨਾ ਫੈਲਣ ਦਾ ਜੋਖ਼ਮ ਵਧਾਉਂਦੇ ਹਨ ਤਾਂ ਸਰਕਾਰ ਲਈ ਉਨ੍ਹਾਂ ਨੂੰ ਉੱਚ ਜੋਖ਼ਮ ਵਾਲੇ ਸਥਾਨਾਂ ਦੇ ਤੌਰ ’ਤੇ ਨਿਸ਼ਾਨਬਧ ਕਰਨ ਅਤੇ ਸਖ਼ਤ ਪਾਬੰਦੀਆਂ ਲਗਾਉਣੀਆਂ ਜ਼ਰੂਰੀ ਹੋ ਜਾਣਗੀਆਂ।’’ ਉੱਚ ਜੋਖ਼ਮ ਵਾਲੇ ਸਥਨਾਂ ਨੂੰ ਜਾਂ ਤਾਂ ਬੰਦ ਰੱਖਣ ਦੀ ਸਲਾਹ ਦਿਤੀ ਗਈ ਹੈ ਜਾਂ ਵਾਇਰਸ ਦੀ ਰੋਕਥਾਮ ਸਬੰਧੀ ਉਪਾਅ ਕਰਨ ਲਈ ਕਿਹਾ ਗਿਆ ਹੈ,

ਜਿਨ੍ਹਾਂ ਵਿਚ ਸਰੀਰਕ ਦੂਰੀ, ਤਾਪਮਾਨ ਦੀ ਜਾਂਚ, ਗਾਹਕਾਂ ਦੀ ਸੂਚੀ ਬਣਾਉਣਾ ਅਤੇ ਕਰਮਚਾਰੀਆਂ ਅਤੇ ਮਹਿਮਾਨਾਂ ਲਈ ਮਾਸਕ ਪਾਉਣਾ ਲਾਜ਼ਮੀ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਲਈ ਮਹਿਮਾਨਾਂ ਨੂੰ ਸਮਾਰਟਫ਼ੋਨ ਕਊਆਰ ਕੋਡ ਨਾਲ ਰਜਿਸਟਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਲੋੜ ਪੈਣ ’ਤੇ ਆਸਾਨੀ ਨਾਲ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ। (ਪੀਟੀਆਈ)