ਪੁਤਿਨ ਦੇ ਕਾਰਜਕਾਲ ਵਿਚ 2036 ਤਕ ਵਾਧਾ ਕਰਨ ਵਾਲੀਆਂ ਸੋਧਾਂ ’ਤੇ ਵੋਟਾਂ ਖ਼ਤਮ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 2036 ਤਕ ਅਹੁਦੇ ’ਤੇ ਬਣੇ ਰਹਿਣ ਦਾ ਨਿਯਮ ਬਨਾਉਣ ਵਾਲੇ ਸੰਵਿਧਾਨਕ ਸੋਧ ਕਾਨੂੰਨ ’ਤੇ
ਮਾਸਕੋ, 1 ਜੁਲਾਈ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 2036 ਤਕ ਅਹੁਦੇ ’ਤੇ ਬਣੇ ਰਹਿਣ ਦਾ ਨਿਯਮ ਬਨਾਉਣ ਵਾਲੇ ਸੰਵਿਧਾਨਕ ਸੋਧ ਕਾਨੂੰਨ ’ਤੇ ਜਨਤਾ ਵਲੋਂ ਵੋਟਾਂ ਦਾ ਕੰਮ ਬੁਧਵਾਰ ਨੂੰ ਸਮਾਪਤ ਹੋ ਗਿਆ। ਸੰਵਿਧਾਨ ਸੋਧ ਕਾਨੂੰਨ ਰਾਹੀਂ ਪੁਤਿਨ ਦਾ ਮੌਜੂਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੇ-ਛੇ ਸਾਲ ਦੇ ਦੋ ਹੋਰ ਵਾਧੂ ਕਾਰਜਕਾਲਾਂ ਲਈ ਰਾਸ਼ਟਰਪਤੀ ਅਹੁਦਾ ਮਿਲਨਾ ਤੈਅ ਹੈ। ਕੋਰੋਨਾ ਮਹਾਂਮਾਰੀ ਕਾਰਨ ਭੀੜਭਾਡ ਘੱਟ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਰੂਸ ਵਿਚ ਮਤਦਾਨ ਦੀ ਕਾਰਵਾਈ ਇਕ ਹਫ਼ਤੇ ਤਕ ਚਲੀ ਹੈ।
ਸੰਵੀਧਾਨ ਵਿਚ ਕੀਤੀਆਂ ਗਈਆਂ ਸੋਧਾਂ ਲਈ ਜਨਤਾ ਨੂੰ ਵਿਸ਼ਵਾਸ਼ ਵਿਚ ਲੈਣ ਦੇ ਰਸਤੇ ’ਤੇ ਪੁਤਿਨ ਨੇ ਵੱਡੇ ਪੱਧਰ ’ਤੇ ਅਭਿਆਨ ਛੇੜਿਆ ਸੀ। ਹਾਲਾਂਕਿ ਇਹ ਜਨਮਤ ਪੁਤਿਨ ਦੇ ਸੱਤਾ ’ਤੇ ਕਾਬਜ਼ ਰਹਿਣ ਦੇ ਮਕਸਦ ਨਾਲ ਕਰਾਇਆ ਜਾ ਰਿਹਾ ਹੈ ਪਰ ਜਨਤਾ ਨੂੰ ਵੋਟਿੰਗ ਕਰਨ ਲਈ ਮਨਾਉਣ ਲਈ ਅਪਣਾਏ ਗਏ ਗੈਰ ਰਵਾਇਤੀ ਤਰੀਕਿਆਂ ਅਤੇ ਇਸ ਦੀ ਮਾਨਤਾ ਸ਼ੱਕੀ ਹੋਣ ਦੇ ਚਲਦੇ ਉਨ੍ਹਾਂ ਦਾ ਅਕਸ ਖ਼ਰਾਬ ਵੀ ਹੋ ਸਕਦਾ ਹੈ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਦੇ ਨਾਲ ਹੀ ਉਸ ਗੁੱਝੀ ਅਤੇ ਹੈਰਾਨੀ ਭਰੇ ਮਾਹੌਲ ’ਤੇ ਵੀ ਰੋਕ ਲੱਗੇਗੀ ਜਿਸ ਦੀ ਸ਼ੁਰੂਆਤ ਪੁਤਿਨ ਵਲੋਂ ਜਨਵਰੀ ਵਿਚ ਦਿਤੇ ਗਏ ਉਸ ਭਾਸ਼ਣ ਵਿਚ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਸੰਵਿਧਾਨ ਸੋਧ ਦਾ ਪਹਿਲੀ ਵਾਰ ਪ੍ਰਸਤਾਵ ਦਿਤਾ ਸੀ। (ਪੀਟੀਆਈ)