ਅੱਤਵਾਦ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ : ਅਲ-ਕਾਇਦਾ ਮੁਖੀ ਅਯਮਾਨ ਅਲ ਜ਼ਵਾਹਰੀ ਕੀਤਾ ਢੇਰ
ਕਾਬੁਲ ਵਿਖੇ ਏਅਰ ਸਟਰਾਈਕ 'ਚ ਮਾਰ ਮੁਕਾਇਆ 9/11 ਹਮਲੇ ਦਾ ਦੋਸ਼ੀ ਅਲ ਜ਼ਵਾਹਰੀ
12 ਮਹੀਨਿਆਂ ਤੋਂ ਕਾਬੁਲ 'ਚ ਲੁਕਿਆ ਸੀ ਅਯਮਾਨ ਅਲ ਜ਼ਵਾਹਰੀ
ਅਮਰੀਕੀ ਕੇਂਦਰੀ ਖੁਫੀਆ ਏਜੰਸੀ (CIA) ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਡਰੋਨ ਹਮਲੇ 'ਚ ਅਲ-ਕਾਇਦਾ ਮੁਖੀ ਅਯਮਨ ਅਲ-ਜ਼ਵਾਹਰੀ ਨੂੰ ਮਾਰ ਦਿੱਤਾ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੱਤਵਾਦੀਆਂ ਲਈ ਵੱਡਾ ਝਟਕਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਮੂਹ ਨੂੰ 2011 ਦੇ ਆਪਣੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਲੱਗਾ ਹੈ।
ਮਿਸਰੀ ਦੇ ਡਾਕਟਰ ਅਤੇ ਸਰਜਨ ਅਲ-ਜਵਾਹਰੀ ਨੇ ਸੰਯੁਕਤ ਰਾਜ ਵਿੱਚ 11 ਸਤੰਬਰ, 2001 ਦੇ ਹਮਲਿਆਂ ਵਿੱਚ ਚਾਰ ਜਹਾਜ਼ਾਂ ਨੂੰ ਹਾਈਜੈਕ ਕਰਨ ਵਿੱਚ ਮਦਦ ਕੀਤੀ ਸੀ। ਇਨ੍ਹਾਂ 'ਚ 2 ਜਹਾਜ਼ ਵਰਲਡ ਟਰੇਡ ਸੈਂਟਰ (WTC) ਦੇ ਦੋਵੇਂ ਟਾਵਰਾਂ ਨਾਲ ਟਕਰਾ ਗਏ। ਜਦਕਿ ਤੀਜਾ ਜਹਾਜ਼ ਅਮਰੀਕੀ ਰੱਖਿਆ ਮੰਤਰਾਲੇ ਯਾਨੀ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਸ਼ੰਕਵਿਲੇ ਦੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ 3000 ਲੋਕ ਮਾਰੇ ਗਏ ਸਨ।
ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਜ਼ਵਾਹਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਾਇਡਨ ਨੇ ਕਿਹਾ ਕਿ ਸ਼ਨੀਵਾਰ ਨੂੰ ਮੇਰੇ ਨਿਰਦੇਸ਼ਾਂ 'ਤੇ ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਸਫਲਤਾਪੂਰਵਕ ਡਰੋਨ ਹਮਲਾ ਕੀਤਾ ਗਿਆ, ਜਿਸ 'ਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਰੀ ਮਾਰਿਆ ਗਿਆ। ਜੋਅ ਬਾਇਡਨ ਨੇ ਕਿਹਾ ਹੈ ਕਿ ਹੁਣ ਇਨਸਾਫ਼ ਹੋ ਗਿਆ ਹੈ।
ਬਾਇਡਨ ਨੇ ਅੱਗੇ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਜਾਰੀ ਰੱਖੇਗਾ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖੇਗਾ। ਅੱਜ ਅਸੀਂ ਸਪਸ਼ਟ ਕੀਤਾ ਹੈ। ਚਾਹੇ ਕਿੰਨਾ ਸਮਾਂ ਲੱਗ ਜਾਵੇ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜਿਥੇ ਵੀ ਲੁਕਣ ਦੀ ਕੋਸ਼ਿਸ਼ ਕਰੋਗੇ ਅਸੀਂ ਤੁਹਾਨੂੰ ਲੱਭ ਲਵਾਂਗੇ।