ਪਾਇਲਟ ਯੂਨੀਅਨ ਨੇ ਦਿੱਲੀ ਏਅਰਪੋਰਟ 'ਤੇ 800 ਉਡਾਣਾਂ ਕੀਤੀਆਂ ਰੱਦ, ਯਾਤਰੀਆਂ ਵਲੋਂ ਭਾਰੀ ਹੰਗਾਮਾ
ਪਾਇਲਟਾਂ ਨੇ ਤਨਖ਼ਾਹਾਂ ਵਿਚ 5.5 ਫੀਸਦੀ ਵਾਧੇ ਦੀ ਕੀਤੀ ਮੰਗ
ਨਵੀਂ ਦਿੱਲੀ- ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਬੀਤੀ ਰਾਤ ਫ਼ਲਾਈਟਾਂ ਰੱਦ ਹੋਣ ਕਾਰਨ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਰਮਨ ਪਾਇਲਟ ਅੱਜ ਇੱਕ ਦਿਨ ਦੀ ਹੜਤਾਲ 'ਤੇ ਸਨ। ਇਸ ਕਾਰਨ ਲੁਫਥਾਂਸਾ ਏਅਰਲਾਈਨਜ਼ ਨੇ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ 1.30 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਹਨ।
ਏਅਰਲਾਈਨਜ਼ ਦੇ ਪਾਇਲਟਾਂ ਨੇ ਵੀ ਆਈਜੀਆਈ ਹਵਾਈ ਅੱਡੇ 'ਤੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਦਿੱਲੀ ਤੋਂ ਇਕ ਫ਼ਲਾਈਟ ਨੇ ਫ਼ਰੈਂਕਫ਼ਰਟ ਅਤੇ ਦੂਜੀ ਨੇ ਜ਼ਿਊਰਿਖ ਲਈ ਉਡਾਣ ਭਰਨੀ ਸੀ। ਪਾਇਲਟਾਂ ਦੇ ਮਨ੍ਹਾ ਕਰਨ ਤੋਂ ਬਾਅਦ ਕਈ ਯਾਤਰੀਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ, CISF ਦੇ ਜਵਾਨ ਅਤੇ ਆਈਜੀਆਈ ਏਅਰਪੋਰਟ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਆਈਜੀਆਈ ਹਵਾਈ ਅੱਡੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ, "ਫ੍ਰੈਂਕਫਰਟ ਅਤੇ ਮਿਊਨਿਖ ਲਈ ਲੁਫ਼ਥਾਂਸਾ ਦੀਆਂ 2 ਉਡਾਣਾਂ ਦੇ ਰੱਦ ਹੋਣ ਕਾਰਨ, ਲਗਭਗ 150 ਲੋਕ ਦੁਪਹਿਰ 12 ਵਜੇ ਟਰਮੀਨਲ 3 'ਤੇ ਡਿਪਾਰਚਰ ਗੇਟ ਨੰਬਰ 1 ਦੇ ਸਾਹਮਣੇ ਮੁੱਖ ਸੜਕ 'ਤੇ ਇਕੱਠੇ ਹੋਏ, ਆਈਜੀਆਈ ਏਅਰਪੋਰਟ ਨੇ ਸੀਆਈਐਸਐਫ ਦੇ ਸਹਿਯੋਗ ਨਾਲ ਸਥਿਤੀ ਨੂੰ ਸੰਭਾਲਿਆ ਗਿਆ।"
ਏਅਰਲਾਈਨਜ਼ ਵੱਲੋਂ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਾਇਲਟ ਯੂਨੀਅਨ ਨੇ ਆਪਣੇ 5,000 ਤੋਂ ਵੱਧ ਪਾਇਲਟਾਂ ਲਈ ਇਸ ਸਾਲ ਤਨਖ਼ਾਹ ਵਿਚ 5.5 ਫ਼ੀਸਦੀ ਵਾਧੇ ਅਤੇ ਉਸ ਤੋਂ ਬਾਅਦ ਆਟੋਮੈਟਿਕ ਮਹਿੰਗਾਈ ਮੁਆਵਜ਼ੇ ਦੀ ਮੰਗ ਕੀਤੀ ਹੈ। ਲੁਫ਼ਥਾਂਸਾ ਨੂੰ ਇਸ ਸਾਲ ਤਨਖ਼ਾਹਾਂ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ ਅਤੇ ਗਰਾਊਂਡ ਸਟਾਫ਼ ਦੀਆਂ ਕਈ ਹੜਤਾਲਾਂ ਦਾ ਸਾਹਮਣਾ ਕਰਨਾ ਪਿਆ ਹੈ।