Bangladesh News: ਬੰਗਲਾਦੇਸ਼ ਵਿਚ ਹਿੰਦੂ ਅਧਿਆਪਕਾਂ ਨੂੰ ਅਸਤੀਫ਼ੇ ਦੇਣ ਲਈ ਕੀਤਾ ਜਾ ਰਿਹੈ ਮਜਬੂਰ

ਏਜੰਸੀ

ਖ਼ਬਰਾਂ, ਕੌਮਾਂਤਰੀ

Bangladesh News: ਮੀਡੀਆ ਰਿਪੋਰਟਾਂ ’ਚ ਦਾਅਵਾ ਵੀ ਕੀਤਾ ਜਾ ਰਿਹੈ ਕਿ ਕਈ ਅਧਿਆਪਕਾਂ ’ਤੇ ਹਮਲੇ ਵੀ ਹੋਏ ਹਨ

Hindu teachers are being forced to resign in Bangladesh

 

Bangladesh News: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ’ਚ ਹਿੰਸਾ ਰੁਕਣ ਤੋਂ ਬਾਅਦ ਵੀ ਹਾਲੇ ਵੀ ਕੁੱਝ ਠੀਕ ਨਹੀਂ ਹੈ। ਹਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ, ਪੂਰੇ ਬੰਗਲਾਦੇਸ਼ ’ਚ ਹਿੰਦੂਆਂ ਨੂੰ ਚੋਣਵੇਂ ਰੂਪ ’ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਖ਼ਾਸ ਕਰ ਕੇ ਹਿੰਦੂਆਂ ਲਈ ਸਥਿਤੀ ਬਹੁਤ ਔਖੀ ਹੋ ਗਈ ਹੈ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ’ਚ ਹਿੰਦੂ ਅਧਿਆਪਕਾਂ ਨੂੰ ਹੁਣ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਹ ਸਾਹਮਣੇ ਆਇਆ ਹੈ ਕਿ ਹਿੰਸਾ ਵਧਣ ਅਤੇ ਸ਼ੇਖ ਹਸੀਨਾ ਦੇ ਦੇਸ਼ ਛੱਡ ਕੇ ਜਾਣ ਤੋਂ ਬਾਅਦ ਘੱਟੋ-ਘੱਟ 49 ਘੱਟ ਗਿਣਤੀ ਅਧਿਆਪਕਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕਈ ਅਧਿਆਪਕਾਂ ’ਤੇ ਹਮਲੇ ਵੀ ਹੋਏ ਹਨ।

ਬੰਗਲਾਦੇਸ਼ ਹਿੰਦੂ ਬੋਧੀ ਈਸਾਈ ਓਕਿਆ ਪ੍ਰੀਸ਼ਦ ਦੀ ਵਿਦਿਆਰਥੀ ਸ਼ਾਖਾ ਨੇ ਇਸ ਬਾਰੇ ਜਾਣਕਾਰੀ ਦਿਤੀ। ਬੰਗਲਾਦੇਸ਼ ਛਤਰ ਓਕਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਸਾਜਿਬ ਸਰਕਾਰ ਨੇ ਦਸਿਆ ਕਿ ਹੁਣ ਤਕ 49 ਅਧਿਆਪਕਾਂ ਤੋਂ ਜ਼ਬਰਦਸਤੀ ਅਸਤੀਫ਼ੇ ਲਏ ਜਾ ਚੁੱਕੇ ਹਨ, ਹਾਲਾਂਕਿ ਇਨ੍ਹਾਂ ਵਿੱਚੋਂ 19 ਅਧਿਆਪਕਾਂ ਨੂੰ ਬਾਅਦ ਵਿਚ ਬਹਾਲ ਕਰ ਦਿਤਾ ਗਿਆ ਹੈ।

ਸਾਜਿਬ ਸਰਕਾਰ ਨੇ ਕਿਹਾ ਕਿ ਸ਼ੇਖ ਹਸੀਨਾ ਦੇ ਅਹੁਦਾ ਛੱਡਣ ਤੋਂ ਬਾਅਦ ਸਥਿਤੀ ਵਿਗੜ ਗਈ ਹੈ। ਘੱਟ ਗਿਣਤੀਆਂ, ਖ਼ਾਸ ਤੌਰ ’ਤੇ ਹਿੰਦੂਆਂ ਨੇ ਹਮਲਿਆਂ, ਲੁੱਟਮਾਰ, ਔਰਤਾਂ ’ਤੇ ਹਮਲੇ, ਮੰਦਰਾਂ ਦੀ ਭੰਨਤੋੜ, ਘਰਾਂ ਅਤੇ ਕਾਰੋਬਾਰਾਂ ਨੂੰ ਅੱਗ ਲਗਾਉਣ ਅਤੇ ਇਥੋਂ ਤਕ ਕਿ ਕਤਲਾਂ ਦਾ ਵੀ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ 18 ਅਗੱਸਤ ਨੂੰ 50 ਦੇ ਕਰੀਬ ਵਿਦਿਆਰਥੀਆਂ ਨੇ ਅਜ਼ੀਮਪੁਰ ਸਰਕਾਰੀ ਗਰਲਜ਼ ਸਕੂਲ ਅਤੇ ਕਾਲਜ ਵਿਚ ਪ੍ਰਿੰਸੀਪਲ ਬਰੂਆ ਦੇ ਦਫ਼ਤਰ ’ਤੇ ਧਾਵਾ ਬੋਲ ਦਿਤਾ ਅਤੇ ਉਸ ਦੇ ਅਤੇ ਦੋ ਹੋਰ ਅਧਿਆਪਕਾਂ ਦੇ ਅਸਤੀਫ਼ੇ ਦੀ ਮੰਗ ਕੀਤੀ। 

ਇਸੇ ਤਰ੍ਹਾਂ ਕਾਜ਼ੀ ਨਜ਼ਰੁਲ ਯੂਨੀਵਰਸਿਟੀ ਦੇ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਗਵਰਨੈਂਸ ਸਟੱਡੀਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਸ਼ੰਜੇ ਕੁਮਾਰ ਮੁਖਰਜੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਿੰਸਾ ਤੋਂ ਬਾਅਦ ਉਨ੍ਹਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਐਸੋਸੀਏਟ ਪ੍ਰੋਫ਼ੈਸਰ ਸ਼ੰਜੇ ਕੁਮਾਰ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਬਹੁਤ ਕਮਜ਼ੋਰ ਹੋ ਗਏ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਬੰਗਲਾਦੇਸ਼ ਦੀ ਜਲਾਵਤਨ ਲੇਖਿਕਾ ਤਸਲੀਮਾ ਨਸਰੀਨ ਨੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀ ਸਥਿਤੀ ’ਤੇ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਅਪਣੀ ਐਕਸ ਪੋਸਟ ’ਤੇ ਲਿਖਿਆ ਕਿ ਬੰਗਲਾਦੇਸ਼ ’ਚ ਅਧਿਆਪਕਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਸਾਬਕਾ ਸਰਕਾਰ ਦੇ ਪੱਤਰਕਾਰਾਂ, ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਾਰਿਆ ਜਾ ਰਿਹਾ ਹੈ, ਤਸੀਹੇ ਦਿੱਤੇ ਜਾ ਰਹੇ ਹਨ ਜਾਂ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ। ਸੂਫ਼ੀ ਮੁਸਲਮਾਨਾਂ ਦੀਆਂ ਦਰਗਾਹਾਂ ਅਤੇ ਦਰਗਾਹਾਂ ਨੂੰ ਇਸਲਾਮਿਕ ਅਤਿਵਾਦੀਆਂ ਵਲੋਂ ਢਾਹਿਆ ਜਾ ਰਿਹਾ ਹੈ ਅਤੇ ਮੌਜੂਦਾ ਯੂਨਸ ਸਰਕਾਰ ਇਸ ਵਿਰੁਧ ਕੁੱਝ ਨਹੀਂ ਕਰ ਰਹੀ।