ਬੀਬੀ ਜਗੀਰ ਕੌਰ ਦਾ ਇਟਲੀ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ
ਕਿਹਾ : ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ
ਮਿਲਾਨ/ਦਲਜੀਤ ਮੱਕੜ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਜੋ ਕਿ ਯੂਰਪ ਫੇਰੀ ਤੇ ਆਏ ਹੋਏ ਹਨ, ਬੀਤੇ ਦਿਨ ਉਹ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਪਹੁੰਚੇ, ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬੀਬੀ ਜੀ ਦੇ ਸਮੱਰਥਕਾਂ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਗੁਲਦਸਤਾ ਭੇਂਟ ਕੀਤਾ।
ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਨਤਮਸਤਕ ਹੋਏ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬ ਦੀ ਬਣੀ ਸਾਲ ਪਹਿਲਾ ਬਣੀ ਸੁੰਦਰ ਇਮਾਰਤ ਬਣਨ ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਟਲੀ ਵਿੱਚ ਗੁਰਦੁਆਰਾ ਸਾਹਿਬ ਦੀ ਬਣੀ ਸੁੰਦਰ ਇਮਾਰਤ ਵਿਦੇਸ਼ਾਂ ਵਿੱਚ ਸਿੱਖਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਭਾਂਵੇ ਯੂਰਪ ਨਿੱਜੀ ਦੌਰੇ ਤੇ ਆਏ ਹਨ, ਉਹ ਸੰਗਤਾਂ ਨਾਲ ਧਾਰਮਿਕ ਵਿਚਾਰਾ ਦੀ ਸਾਂਝ ਪਾ ਰਹੇ ਹਨ। ਉਹਨਾਂ ਰਾਜਨੀਤੀ ਬਾਰੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਮੁੜ ਸੁਰਜੀਤ ਕਰਨ ਲਈ ਸਾਰਿਆ ਨੂੰ ਇੱਕਠਿਆਂ ਹੋਣ ਦੀ ਲੋੜ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ, ਅਤੇ ਵਾਈਸ ਪਰਧਾਨ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਅਤੇ ਸਮੂਹ ਮੈਬਰਾਂ ਤੋਂ ਇਲਾਵਾ, ਨੌਜਵਾਨ ਸਿੰਘ ਸਭਾ ਫਲੇਰੋ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਅਤੇ ਰੀਗਲ ਰੈਂਸਟੋਰੈਂਟ ਬਰੇਸ਼ੀਆ ਦੇ ਪ੍ਰਬੰਧਕ ਆਦਿ ਮੌਜੂਦ ਸਨ।
ਪ੍ਰਬੰਧਕਾਂ ਵੱਲੋਂ ਜਿੱਥੇ ਬੀਬੀ ਦਾ ਗੁਰਦੁਆਰਾ ਸਾਹਿਬ ਤੇ ਆਉਣ ਤੇ ਧੰਨਵਾਦ ਕੀਤਾ ਉੱਥੇ ਇਹ ਵੀ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਹਫਤਾਵਰੀ ਸਮਾਗਮਾਂ ਵਿੱਚ ਵੀ ਬੀਬੀ ਜਗੀਰ ਕੌਰ ਜੀ ਗੁਰਦੁਆਰਾ ਨਤਮਸਤਕ ਹੋਣਗੇ।