ਕਾਬੁਲ ਦੇ ਮਿਲਟਰੀ ਹਸਪਤਾਲ ਦੇ ਬਾਹਰ ਹਮਲਾ, 19 ਦੀ ਮੌਤ, 50 ਜ਼ਖਮੀ
ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ
ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇੱਕ ਫੌਜੀ ਹਸਪਤਾਲ ਦੇ ਬਾਹਰ ਇੱਕ ਜੋ਼ਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ, ਜਿਸ 'ਚ 19 ਲੋਕਾਂ ਦੀ ਮੌਤ ਅਤੇ 50 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਕਾਬੁਲ ਦੇ ਮਿਲਟਰੀ ਹਸਪਤਾਲ ਦੇ ਨੇੜੇ ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਸੁਣੀ ਗਈ ਸੀ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਇਸ ਹਮਲੇ ਪਿੱਛੇ ਇਸਲਾਮਿਕ ਸਟੇਟ ਆਫ਼ ਖੁਰਾਸਾਨ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।
ਸਪੁਤਨਿਕ ਨੇ ਬਖ਼ਤਾਰ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਇਸਲਾਮਿਕ ਸਟੇਟ ਵਲੋਂ ਇਕ ਹਸਪਤਾਲ 'ਤੇ ਹਮਲਾ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਆਈਐਸ ਅਤਿਵਾਦੀ ਨੇ ਹਸਪਤਾਲ ਦੇ ਪ੍ਰਵੇਸ਼ ਦੁਆਰ 'ਤੇ ਖੁਦ ਨੂੰ ਉਡਾ ਲਿਆ। ਕਈ ਹੋਰ ਹਮਲਾਵਰ ਇਮਾਰਤ ਵਿਚ ਦਾਖਲ ਹੋ ਗਏ।
ਤਾਲਿਬਾਨ ਅਤੇ ਇਕ ਚਸ਼ਮਦੀਦ ਨੇ ਦੱਸਿਆ ਕਿ ਵਿਸ਼ਾਲ ਸਥਾਨ ਦੇ ਪ੍ਰਵੇਸ਼ ਦੁਆਰ ਦੇ ਨੇੜੇ ਦੋ ਧਮਾਕੇ ਹੋਏ, ਜਿਸ ਤੋਂ ਬਾਅਦ ਹਸਪਤਾਲ ਦੇ ਅੰਦਰ ਤੋਂ ਗੋਲੀਬਾਰੀ ਦੀਆਂ ਖ਼ਬਰਾਂ ਆਈਆਂ। ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 19 ਲਾਸ਼ਾਂ ਅਤੇ ਕਰੀਬ 50 ਜ਼ਖਮੀਆਂ ਨੂੰ ਕਾਬੁਲ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।