ਬ੍ਰਿਟੇਨ ’ਚ ਚਲਦੀ ਟਰੇਨ ’ਚ ਲੋਕਾਂ ’ਤੇ ਚਾਕੂ ਨਾਲ ਕੀਤਾ ਗਿਆ ਹਮਲਾ
10 ਵਿਅਕਤੀ ਹੋਏ ਜ਼ਖਮੀ, ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਕੈਂਬ੍ਰਿਜਸ਼ਾਇਰ : ਬ੍ਰਿਟੇਨ ਦੇ ਕੈਂਬ੍ਰਿਜਸ਼ਾਇਰ ’ਚ ਇਕ ਰੇਲ ਗੱਡੀ ਵਿਚ ਕਈ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਰੇਲ ਗੱਡੀ ਨੂੰ ਰੋ ਕੇ ਇਸ ਘਟਨਾ ਦੇ ਸਬੰਧ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਹਮਲੇ ਦੌਰਾਨ 10 ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਵਿਚੋਂ 9 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕੈਂਬ੍ਰਿਜਸ਼ਾਇਰ ਕਾਂਸਟੇਬੁਲਰੀ ਨੂੰ ਸ਼ਾਮ ਨੂੰ ਸੂਚਨਾ ਮਿਲੀ ਕਿ ਰੇਲ ਗੱਡੀ ’ਚ ਕਈ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਥਿਆਰਬੰਦ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਰੇਲ ਗੱਡੀ ਨੂੰ ਰੋਕਿਆ ਅਤੇ ਹਮਲਾ ਕਰਨ ਦੇ ਸਬੰਧ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਦਕਿ ਹਮਲੇ ’ਚ ਜ਼ਖਮੀ ਹੋਣ ਵਾਲੇ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਬ੍ਰਿਟਿਸ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਪੁਲਿਸ ਦੀ ਸਲਾਹ ਮੰਨਣ ਦੀ ਅਪੀਲ ਕੀਤੀ। ਸਟਾਰਮਰ ਨੇ ਕਿਹਾ ਕਿ ਹੰਟਿੰਗਡਨ ਨੇੜੇ ਰੇਲ ਗੱਡੀ ’ਚ ਵਾਪਰੀ ਘਟਨਾ ਬਹੁਤ ਹੀ ਚਿੰਤਾਜਨਕ ਹੈ ਅਤੇ ਮੇਰੀ ਹਮਦਰਦੀ ਪੀੜਤ ਵਿਅਕਤੀਆਂ ਦੇ ਨਾਲ ਹੈ।