ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਸਮੀਖਿਆ ਕਰੇ ਅਮਰੀਕੀ ਅਦਾਲਤ : ਵਕੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ

US court should review Tahawwur Rana's extradition to India: Lawyer

ਵਾਸ਼ਿੰਗਟਨ: ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੇ ਵਕੀਲ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਦੀ ਸਮੀਖਿਆ ਕਰੇ। ਉਨ੍ਹਾਂ ਨੇ ‘ਦੋਹਰੇ ਖਤਰੇ ਦੇ ਸਿਧਾਂਤ’ ਦਾ ਹਵਾਲਾ ਦਿਤਾ ਹੈ, ਜੋ ਕਿਸੇ ਵਿਅਕਤੀ ਨੂੰ ਇਕੋ ਅਪਰਾਧ ਲਈ ਦੋ ਵਾਰ ਮੁਕੱਦਮਾ ਚਲਾਉਣ ਜਾਂ ਸਜ਼ਾ ਦੇਣ ਤੋਂ ਰੋਕਦਾ ਹੈ।

ਭਾਰਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਹ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਸਬੰਧ ’ਚ ਲੋੜੀਂਦਾ ਹੈ।

ਸਾਨ ਫਰਾਂਸਿਸਕੋ ’ਚ ਹੇਠਲੀਆਂ ਅਦਾਲਤਾਂ ਅਤੇ ਉੱਤਰੀ ਸਰਕਟ ਲਈ ਅਮਰੀਕੀ ਅਪੀਲ ਕੋਰਟ ਸਮੇਤ ਕਈ ਸੰਘੀ ਅਦਾਲਤਾਂ ’ਚ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਰਾਣਾ ਨੇ 13 ਨਵੰਬਰ ਨੂੰ ਅਮਰੀਕੀ ਸੁਪਰੀਮ ਕੋਰਟ ’ਚ ‘ਪਟੀਸ਼ਨ ਫਾਰ ਰੀਕਾਰਡ’ ਦਾਇਰ ਕੀਤੀ ਸੀ।

ਅਮਰੀਕੀ ਸਾਲਿਸਿਟਰ ਜਨਰਲ ਐਲਿਜ਼ਾਬੈਥ ਬੀ. ਪ੍ਰੀਲੋਗਰ ਨੇ 16 ਦਸੰਬਰ ਨੂੰ ਸੁਪਰੀਮ ਕੋਰਟ ਨੂੰ ਪਟੀਸ਼ਨ ਖਾਰਜ ਕਰਨ ਦੀ ਅਪੀਲ ਕੀਤੀ ਸੀ। ਰਾਣਾ ਦੇ ਵਕੀਲ ਜੋਸ਼ੁਆ ਐਲ. ਡਾਇਟਲ ਨੇ 23 ਦਸੰਬਰ ਨੂੰ ਅਪਣੇ ਜਵਾਬ ਵਿਚ ਅਮਰੀਕੀ ਸਰਕਾਰ ਦੀ ਸਿਫਾਰਸ਼ ਨੂੰ ਚੁਨੌਤੀ ਦਿਤੀ ਸੀ ਅਤੇ ਅਦਾਲਤ ਨੂੰ ਉਸ ਦੀ ਪਟੀਸ਼ਨ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ।

ਲੰਮੀ ਕਾਨੂੰਨੀ ਲੜਾਈ ਵਿਚ ਰਾਣਾ ਕੋਲ ਭਾਰਤ ਹਵਾਲੇ ਨਾ ਕਰਨ ਦਾ ਇਹ ਆਖਰੀ ਕਾਨੂੰਨੀ ਮੌਕਾ ਹੈ। ਅਦਾਲਤ ਨੇ ਇਸ ਮੁੱਦੇ ’ਤੇ ਦੋਹਾਂ ਧਿਰਾਂ ਲਈ ਗੱਲਬਾਤ ਦੀ ਅਗਲੀ ਤਰੀਕ 17 ਜਨਵਰੀ ਤੈਅ ਕੀਤੀ ਹੈ।

ਰਾਣਾ, ਜੋ ਇਸ ਸਮੇਂ ਲਾਸ ਏਂਜਲਸ ਜੇਲ੍ਹ ’ਚ ਬੰਦ ਹੈ, ਨੂੰ ਮੁੰਬਈ ਹਮਲਿਆਂ ਦੀ ਸਾਜ਼ਸ਼ ਦਾ ਹਿੱਸਾ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਹੈ, ਜੋ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ਕਰਤਾਵਾਂ ਵਿਚੋਂ ਇਕ ਸੀ।