ਲੁਫਥਾਂਸਾ ਫਲਾਈਟ 'ਚ ਗੜਬੜੀ ਮਗਰੋਂ 1000 ਫੁੱਟ ਹੇਠਾਂ ਆਇਆ ਜਹਾਜ਼, 7 ਯਾਤਰੀ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

 ਵਰਜੀਨੀਆ ਹਵਾਈ ਅੱਡੇ 'ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ 

Representational Image

ਵਾਸ਼ਿੰਗਟਨ :  ਲੁਫਥਾਂਸਾ ਫਲਾਈਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੁਫਥਾਂਸਾ ਦੇ ਇਕ ਜਹਾਜ਼ 'ਚ ਜ਼ਬਰਦਸਤ ਗੜਬੜ ਹੋ ਗਈ, ਜਿਸ ਕਾਰਨ 7 ਯਾਤਰੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਫਲਾਈਟ ਨੂੰ ਵਾਸ਼ਿੰਗਟਨ ਡੁਲਸ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਫਲਾਈਟ 'ਚ ਸਵਾਰ ਸੱਤ ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। 

ਮੈਟਰੋਪੋਲੀਟਨ ਵਾਸ਼ਿੰਗਟਨ ਏਅਰਪੋਰਟ ਅਥਾਰਟੀ ਦੇ ਬੁਲਾਰੇ ਮਾਈਕਲ ਕੈਬੇਜ ਨੇ ਕਿਹਾ ਕਿ ਔਸਟਿਨ, ਟੈਕਸਾਸ ਤੋਂ ਫਲਾਈਟ 469, ਜਰਮਨੀ ਦੇ ਫਰੈਂਕਫਰਟ ਲਈ ਜਾ ਰਹੀ ਸੀ, ਪਰ ਬੁੱਧਵਾਰ (1 ਮਾਰਚ) ਦੀ ਸ਼ਾਮ ਨੂੰ ਵਰਜੀਨੀਆ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ।

ਮਾਈਕਲ ਕੈਬੇਜ ਨੇ ਦੱਸਿਆ ਕਿ ਪਾਇਲਟ ਨੇ ਜਹਾਜ਼ 'ਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਦਿੱਤੀ, ਜਿਸ 'ਚ ਉਨ੍ਹਾਂ ਕਿਹਾ ਕਿ ਗੜਬੜੀ ਕਾਰਨ ਸੱਤ ਲੋਕ ਮਾਮੂਲੀ ਜ਼ਖਮੀ ਹੋਏ ਹਨ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਅਰਬੱਸ ਏ330 ਨੇ ਟੈਨੇਸੀ ਦੇ ਉੱਪਰ ਉੱਡਦੇ ਸਮੇਂ 37,000 ਫੁੱਟ (ਲਗਭਗ 11,300 ਮੀਟਰ) ਦੀ ਉਚਾਈ 'ਤੇ ਗੰਭੀਰ ਗੜਬੜ ਦਾ ਅਨੁਭਵ ਕੀਤਾ। ਇਸ ਤੋਂ ਬਾਅਦ ਏਜੰਸੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਜ਼ਬਰਦਸਤ ਟਰਬੂਲੈਂਸ ਪਿੱਛੇ ਕੀ ਕਾਰਨ ਹੈ।

ਆਸਟਿਨ, ਟੈਕਸਾਸ ਦੇ 34 ਸਾਲਾ ਯਾਤਰੀ ਸੂਜ਼ਨ ਜ਼ਿਮਰਮੈਨ ਨੇ ਕਿਹਾ ਕਿ ਇਕ ਪਾਇਲਟ ਨੇ ਕੈਬਿਨ ਕਰੂ ਨੂੰ ਦੱਸਿਆ ਕਿ ਅਚਾਨਕ ਵਾਪਰੀ ਘਟਨਾ ਦੌਰਾਨ ਜਹਾਜ਼ ਲਗਭਗ 1,000 ਫੁੱਟ (ਲਗਭਗ 305 ਮੀਟਰ) ਹੇਠਾਂ ਡਿੱਗ ਗਿਆ ਸੀ। ਉਸ ਨੇ ਇਕ ਫੋਨ ਇੰਟਰਵਿਊ ਵਿਚ ਕਿਹਾ ਕਿ ਗੜਬੜ ਤੋਂ ਬਾਅਦ ਅਜਿਹਾ ਮਹਿਸੂਸ ਹੋਇਆ ਜਿਵੇਂ ਅਸੀਂ ਜਹਾਜ਼ ਦੇ ਨਾਲ ਹੇਠਾਂ ਡਿੱਗ ਰਹੇ ਹਾਂ। ਸਭ ਕੁਝ ਤੈਰਦਾ ਮਹਿਸੂਸ ਹੋਇਆ। ਇੰਜ ਜਾਪਦਾ ਸੀ ਜਿਵੇਂ ਗੁਰੂਤਾ ਖ਼ਤਮ ਹੋ ਗਈ ਹੋਵੇ।

ਇਸ ਦੇ ਨਾਲ ਹੀ ਲੁਫਥਾਂਸਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਟੇਕ-ਆਫ ਦੇ ਲਗਭਗ 90 ਮਿੰਟ ਬਾਅਦ ਹੀ ਥੋੜ੍ਹੇ ਸਮੇਂ ਲਈ, ਪਰ ਗੰਭੀਰ ਗੜਬੜ ਪੈਦਾ ਹੋ ਗਈ ਅਤੇ ਸਾਵਧਾਨੀ ਵਜੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਲਾਈਨ ਨੇ ਅੱਗੇ ਕਿਹਾ ਕਿ ਲੈਂਡਿੰਗ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। NTSB ਦੀ ਰਿਪੋਰਟ ਦੇ ਅਨੁਸਾਰ, ਫਲਾਈਟ ਦੌਰਾਨ ਟਰਬੂਲੈਂਸ ਹੀ ਹਾਦਸਿਆਂ ਦਾ ਇੱਕ ਪ੍ਰਮੁੱਖ ਕਾਰਨ ਬਣੀ ਹੋਈ ਹੈ।