ਸਾਊਦੀ ਅਰਬ 'ਚ 14 ਲੋਕਾਂ ਨੂੰ ਦਿਤੀ ਜਾਵੇਗੀ ਮੌਤ ਦੀ ਸਜ਼ਾ
ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੇ ਦੋਸ਼ੀ ਪਾਏ ਗਏ 14 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚ ਇਕ 17 ਸਾਲ ਦਾ ਵਿਦਿਆਰਥੀ ਵੀ ਹੈ।
ਰਿਆਦ, 26 ਜੁਲਾਈ : ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੇ ਦੋਸ਼ੀ ਪਾਏ ਗਏ 14 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚ ਇਕ 17 ਸਾਲ ਦਾ ਵਿਦਿਆਰਥੀ ਵੀ ਹੈ। ਸਜ਼ਾ ਵਜੋਂ ਇਨ੍ਹਾਂ ਦੇ ਸਿਰ ਵੱਢਣ ਦੇ ਹੁਕਮ ਦਿਤੇ ਗਏ ਹਨ। ਕੌਮਾਂਤਰੀ ਮਨੁੱਖੀ ਅਧਿਕਾਰੀ ਸੰਗਠਨ ਐਮੇਨਸਟੀ ਇੰਟਰਨੈਸ਼ਨਲ ਨੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਾਰਿਆਂ 'ਤੇ ਸਾਲ 2011 ਤੋਂ 2012 ਵਿਚਕਾਰ ਸਰਕਾਰੀ ਵਿਰੋਧੀ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਸਾਰੇ ਪ੍ਰਦਰਸ਼ਨ 'ਅਰਬ ਸਪ੍ਰਿੰਗ' ਦਾ ਹਿੱਸਾ ਸਨ। ਜੁਲਾਈ 2016 'ਚ ਸਾਊਦੀ ਦੀ ਹੀ ਇਕ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਸਰਕਾਰ ਵਿਰੁਧ ਹਥਿਆਰਬੰਦ ਅੰਦੋਲਨ ਸ਼ੁਰੂ ਕਰਨ ਦਾ ਦੋਸ਼ੀ ਮੰਨਿਆ ਸੀ। ਇਨ੍ਹਾਂ ਸਾਰਿਆਂ 'ਤੇ ਹਿੰਸਾ ਫ਼ੈਲਾਉਣ ਅਤੇ ਇਕ ਸੁਰੱਖਿਆ ਮੁਲਾਜ਼ਮ 'ਤੇ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਜੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸਰਕਾਰ ਅਪਣੀ ਮਨਜੂਰੀ ਦੇ ਦਿੰਦੀ ਹੈ ਤਾਂ ਇਨ੍ਹਾਂ ਨੂੰ ਮੌਤ ਦੀ ਸਜ਼ਾ ਦਿਤੀ ਜਾਵੇਗੀ। ਸਜ਼ਾ ਪਾਉਣ ਵਾਲੇ 14 ਲੋਕਾਂ 'ਚ ਇਕ ਅਜਿਹਾ ਨੌਜਵਾਨ ਵੀ ਸ਼ਾਮਲ ਹੈ, ਜੋ ਅਮਰੀਕਾ ਪੜ੍ਹਾਈ ਲਈ ਜਾਣ ਵਾਲਾ ਸੀ। ਸੁਪਰੀਮ ਕੋਰਟ ਨੇ ਮੁਜ਼ਤਬਾ ਅਲ ਸੁਵੇਕੇਤ ਨਾਂ ਦੇ ਇਸ ਲੜਕੇ ਤੋਂ ਇਲਾਵਾ 13 ਹੋਰ ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰਖਿਆ ਹੈ। ਇਸ ਮਾਮਲੇ 'ਚ ਸੁਵੇਕੇਤ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ, ਉਦੋਂ ਉਹ ਸਿਰਫ਼ 17 ਸਾਲ ਦਾ ਸੀ। ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਹੀ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਟੀ 'ਚ ਉਸ ਦਾ ਦਾਖ਼ਲਾ ਵੀ ਹੋ ਗਿਆ ਸੀ।
ਐਮੇਨਸਟੀ ਇੰਟਰਨੈਸ਼ਨਲ ਦੇ ਸਮਾਹ ਹਦੀਦ ਨੇ ਕਿਹਾ ਕਿ ਇਨ੍ਹਾਂ ਸਜ਼ਾਵਾਂ ਦੀ ਮਨਜ਼ੂਰੀ ਦੇ ਕੇ ਸਾਊਦੀ ਅਰਬ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਵਿਰੋਧ ਅਤੇ ਰਾਜਨੀਤਕ ਵਿਰੋਧੀਆਂ ਨੂੰ ਦਬਾਉਣ ਲਈ ਉਹ ਮੌਤ ਦੀ ਸਜ਼ਾ ਨੂੰ ਜਾਰੀ ਰੱਖਣਗੇ।