ਟਰੰਪ ਕਹਿਣ ਤਾਂ ਅਗਲੇ ਹਫ਼ਤੇ ਚੀਨ 'ਤੇ ਸੁੱਟ ਦਿਆਂਗੇ ਪ੍ਰਮਾਣੂ ਬੰਬ : ਅਮਰੀਕੀ ਕਮਾਂਡਰ
ਅਮਰੀਕਾ ਦੇ ਪੈਸੀਫਿਕ ਫਲੀਟ ਕਮਾਂਡਰ ਸਕਾਟ ਸਵਿਫ਼ਟ ਨੇ ਕਿਹਾ ਕਿ ਜੇ ਰਾਸ਼ਟਰਪਤੀ ਟਰੰਪ ਆਦੇਸ਼ ਦੇਣ ਤਾਂ ਅਗਲੇ ਹਫ਼ਤੇ ਹੀ ਉਹ ਚੀਨ 'ਤੇ ਪ੍ਰਮਾਣੂ ਹਮਲਾ ਕਰ ਸਕਦੇ ਹਨ।
ਵਾਸ਼ਿੰਗਟਨ, 27 ਜੁਲਾਈ : ਅਮਰੀਕਾ ਦੇ ਪੈਸੀਫਿਕ ਫਲੀਟ ਕਮਾਂਡਰ ਸਕਾਟ ਸਵਿਫ਼ਟ ਨੇ ਕਿਹਾ ਕਿ ਜੇ ਰਾਸ਼ਟਰਪਤੀ ਟਰੰਪ ਆਦੇਸ਼ ਦੇਣ ਤਾਂ ਅਗਲੇ ਹਫ਼ਤੇ ਹੀ ਉਹ ਚੀਨ 'ਤੇ ਪ੍ਰਮਾਣੂ ਹਮਲਾ ਕਰ ਸਕਦੇ ਹਨ। ਸਕਾਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਅਤੇ ਚੀਨ ਵਿਚਕਾਰ ਵਿਵਾਦ ਚਲ ਰਿਹਾ ਹੈ। ਹਾਲਾਂਕਿ ਉਨ੍ਹਾਂ ਇਹ ਬਿਆਨ ਇਕ ਕਾਲਪਨਿਕ ਸਵਾਲ ਦੇ ਜਵਾਬ 'ਚ ਦਿਤਾ ਹੈ।
ਆਸਟ੍ਰੇਲੀਆਈ ਤਟ 'ਤੇ ਅਮਰੀਕਾ-ਆਸਟ੍ਰੇਲੀਆਈ ਸੈਨਾ ਦੇ ਪ੍ਰਮੁੱਖ ਯੁੱਧ ਦੇ ਅਭਿਆਸ ਮਗਰੋਂ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਟੀ ਸੁਰੱਖਿਆ ਸੰਮੇਲਨ ਵਿਚ ਇਕ ਕਾਨਫ਼ਰੰਸ ਦੌਰਾਨ ਅਮਰੀਕੀ ਕਮਾਂਡਰ ਨੇ ਇਹ ਗੱਲ ਕਹੀ। ਸਕਾਟ ਨੇ ਇਕ ਕਾਲਪਨਿਕ ਸਵਾਲ ਦੇ ਜਵਾਬ ਵਿਚ ਅਜਿਹਾ ਕਿਹਾ। ਪ੍ਰੋਗਰਾਮ ਵਿਚ ਦਰਸ਼ਕਾਂ ਵਿਚ ਮੌਜੂਦ ਇਕ ਵਿਅਕਤੀ ਵਲੋਂ ਜਦੋਂ ਇਹ ਪੁਛਿਆ ਗਿਆ ਕਿ ਜੇ ਟਰੰਪ ਤੁਹਾਨੂੰ ਅਗਲੇ ਹਫ਼ਤੇ ਚੀਨ 'ਤੇ ਪ੍ਰਮਾਣੂ ਹਮਲਾ ਕਰਨ ਦਾ ਆਦੇਸ਼ ਦੇਣ ਤਾਂ ਤੁਸੀਂ ਕੀ ਕਰੋਗੇ? ਇਸ 'ਤੇ ਕਮਾਂਡਰ ਨੇ ਹਾਂ ਵਿਚ ਜਵਾਬ ਦਿਤਾ।
ਸਕਾਟ ਨੇ ਕਿਹਾ, ''ਅਮਰੀਕੀ ਫ਼ੌਜ ਦੇ ਹਰ ਮੈਂਬਰ ਨੂੰ ਯੂਨਾਈਟਿਡ ਸਟੇਟ ਦੇ ਸੰਵਿਧਾਨ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਦੁਸ਼ਮਣਾਂ ਤੋਂ ਸੁਰੱਖਿਆ ਕਰਨ ਦੀ ਸਹੁੰ ਦਵਾਈ ਜਾਂਦੀ ਹੈ ਅਤੇ ਅਧਿਕਾਰੀਆਂ ਅਤੇ ਅਮਰੀਕਾ ਦੇ ਰਾਸ਼ਟਰਪਤੀ (ਕਮਾਂਡਰ ਇਨ ਚੀਫ਼) ਦੇ ਆਦੇਸ਼ ਦਾ ਪਾਲਨ ਕਰਨਾ ਸਾਨੂੰ ਦਸਿਆ ਜਾਂਦਾ ਹੈ। ਇਹ ਅਮਰੀਕੀ ਸੰਵਿਧਾਨ ਦਾ ਮੂਲ ਹੈ।
ਸਕਾਟ ਦੇ ਬੁਲਾਰੇ ਕੈਪਟਨ ਬ੍ਰਾਉਨ ਨੇ ਬਾਅਦ ਵਿਚ ਕਿਹਾ ਕਿ ਸਕਾਟ ਦੇ ਜਵਾਬ ਨੇ ਫ਼ੌਜ 'ਤੇ ਨਾਗਰਿਕ ਕੰਟਰੋਲ ਦੇ ਸਿਧਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਐਡਮਿਰਲ ਸਵਾਲ ਦੇ ਆਧਾਰ ਨੂੰ ਸੰਬੋਧਤ ਨਹੀਂ ਕਰ ਰਹੇ ਸਨ। ਉਹ ਫ਼ੌਜ ਦੇ ਨਾਗਰਿਕ ਅਧਿਕਾਰ ਦੇ ਸਿਧਾਂਤ ਨੂੰ ਸੰਬੋਧਤ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਇਹ ਜੰਗੀ ਅਭਿਆਸ ਹਰ ਦੋ ਸਾਲ 'ਚ ਇਕ ਵਾਰ ਕਰਵਾਇਆ ਜਾਂਦਾ ਹੈ। ਇਸ 'ਚ 36 ਜੰਗੀ ਜਹਾਜ਼ਾਂ, 220 ਲੜਾਕੂ ਜਹਾਜ਼ਾਂ ਅਤੇ 33 ਹਜ਼ਾਰ ਜਵਾਨਾਂ ਨੇ ਹਿੱਸਾ ਲਿਆ।