ਬਰਟਰਮ ਪੰਜਾਬੀ ਕਲੱਬ ਨੇ ਤੀਆਂ ਦਾ ਮੇਲਾ ਲਾਇਆ
ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਬਰਟਰਮ ਪੰਜਾਬੀ ਕਲੱਬ ਨੇ ਮਡੀਨਾ ਕਮਿਊਨਿਟੀ ਹਾਲ 'ਚ ਤੀਆਂ ਦਾ ਮੇਲਾ ਲਾਇਆ। ਇਸ 'ਚ ਕੈਰਲ ਐਡਮਜ਼ ਮੇਅਰ ਕਵਿਨਾਨਾ ਕੌਂਸਲ ਮੁੱਖ ਮਹਿਮਾਨ...
ਪਰਥ, 24 ਜੁਲਾਈ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਬਰਟਰਮ ਪੰਜਾਬੀ ਕਲੱਬ ਨੇ ਮਡੀਨਾ ਕਮਿਊਨਿਟੀ ਹਾਲ 'ਚ ਤੀਆਂ ਦਾ ਮੇਲਾ ਲਾਇਆ। ਇਸ 'ਚ ਕੈਰਲ ਐਡਮਜ਼ ਮੇਅਰ ਕਵਿਨਾਨਾ ਕੌਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼ਰਨ ਬੱਲ ਹੋਮ ਲੋਨ ਮਾਰਕੀਟ ਅਤੇ ਸੈਂਡਰਾ ਲੀ ਕਵਿਨਾਨਾ ਕੌਂਸਲਰ ਨੇ ਹਾਜ਼ਰੀ ਭਰੀ। ਸਥਾਨਕ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਅਤੇ ਬੱਚੇ ਰਵਾਇਤੀ ਪੁਸ਼ਾਕਾਂ ਪਹਿਨੇ ਰੰਗ-ਬਰੰਗੀਆਂ ਫੁਲਕਾਰੀਆਂ ਤੇ ਚੁੰਨੀਆਂ ਨਾਲ ਸੱਜ ਕੇ ਮੇਲਾ ਵੇਖਣ ਆਈਆਂ।
ਮੇਲੇ ਦੀ ਸ਼ੁਰੂਆਤ ਜਪਮਨ, ਅਨੁਰੀਤ ਤੇ ਅਸਰੀਤ ਵਲੋਂ ਗਾਏ ਸ਼ਬਦ ਨਾਲ ਹੋਈ। ਬਰਟਰਮ ਪੰਜਾਬੀ ਕਲੱਬ ਦੀਆਂ ਨੰਨ੍ਹੀਆਂ ਬੱਚੀਆਂ ਨੇ ਗੀਤਾਂ 'ਤੇ ਗਿੱਧਾ ਪਾਇਆ। ਇਵਰੀਨ ਭੰਗੂ, ਲਵਲੀਨ ਭੰਗੂ, ਕਰਨ, ਰਵਿੰਦਰ ਤੇ ਹਰਜੀਤ ਨੇ ਸੋਲੋ ਪੇਸ਼ਕਾਰੀ ਕੀਤੀ। ਵੈਸਟ ਕੌਂਸਟ ਕਲੱਬ ਤੇ ਮਡਿੰਗਟਨ ਸਬਰਬ ਦੀਆਂ ਮੁਟਿਆਰਾਂ ਨੇ ਲੋਕ ਬੋਲੀਆਂ ਅਤੇ ਪੁਰਾਣੇ ਚਰਚਿਤ ਗੀਤਾਂ 'ਤੇ ਫੌਕ ਸਾਜ਼ਾਂ ਨਾਲ ਭੰਗੜਾ ਪਾਇਆ। ਬਜ਼ੁਰਗ ਮਾਤਾਵਾਂ ਨੇ ਪੁਰਾਤਨ ਸ਼ਗਨਾਂ ਦੇ ਗੀਤ ਅਤੇ ਸਿੱਠਣੀਆਂ ਗਾ ਕੇ ਵਿਆਹ ਵਰਗਾ ਮਹੌਲ ਸਿਰਜਿਆ। ਪ੍ਰੋਗਰਾਮ ਦੇ ਅੰਤ 'ਚ ਜਦੋਂ ਬਰਟਰਮ ਪੰਜਾਬੀ ਕਲੱਬ ਦੀਆਂ ਮੁਟਿਆਰਾਂ ਨੇ ਲੋਕ ਬੋਲੀਆਂ ਤੇ ਗਿੱਧਾ ਪਾਇਆ ਤਾਂ ਸਾਰਾ ਹਾਲ ਦਰਸ਼ਕਾਂ ਦੇ ਗਿੱਧੇ ਨਾਲ ਗੂੰਜ ਉੱਠਿਆ। ਸਟੇਜ ਸੰਚਾਲਕਾਂ ਅਮਨਪ੍ਰੀਤ ਕੌਰ ਛੀਨਾ ਤੇ ਹਰਜੀਤ ਗਿੱਲ ਨੇ ਸ਼ਾਇਰੀ, ਅਖਾਣ ਤੇ ਲੋਕ ਬੋਲੀਆਂ ਨਾਲ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ।