ਯੂਏਈ ਦੇ ਨਵੇਂ ਨਿਯਮਾਂ ਕਾਰਨ ਹੁਣ ਭਾਰਤੀਆਂ ਲਈ ਵਰਕ ਵੀਜ਼ਾ ਲੈਣਾ ਹੋਇਆ ਆਸਾਨ
UAE Suspends good conduct certificate thousands of Indians Benefit
ਨਵੀਂ ਦਿੱਲੀ : ਸੰਯਕੁਤ ਅਰਬ ਅਮੀਰਾਤ ਨੇ ਕਾਰਜ ਵੀਜ਼ਾ ਦੇ ਲਈ ਚੰਗੇ ਆਚਰਣ ਦੇ ਪ੍ਰਮਾਣ ਪੱਤਰ ਦੀ ਜ਼ਰੂਰਤ ਨੂੰ ਫਿ਼ਲਹਾਲ ਖ਼ਤਮ ਕਰ ਦਿਤਾ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਕਾਮਿਆਂ ਨੂੰ ਲਾਭ ਹੋ ਸਕਦਾ ਹੈ ਜੋ ਹਰ ਸਾਲ ਉਥੇ ਜਾਂਦੇ ਹਨ। ਸੰਯਕੁਤ ਅਰਬ ਅਮੀਰਾਤ (ਯੂਏਈ) ਮਨੁੱਖੀ ਸਰੋਤ ਮੰਤਰਾਲੇ ਨੇ ਇਸ ਦਾ ਐਲਾਨ ਕੀਤਾ ਕਿ ਕਾਰਜ ਵੀਜ਼ਾ ਦੇ ਲਈ ਚੰਗੇ ਆਚਰਣ ਦੇ ਪ੍ਰਮਾਣ ਪੱਤਰ ਦੀ ਲੋੜ ਨੂੰ ਅਗਲੇ ਆਦੇਸ਼ ਤਕ ਮੁਲਤਵੀ ਕਰ ਦਿਤਾ ਗਿਆ ਹੈ।
ਇਹ ਆਦੇਸ਼ ਇਕ ਅਪ੍ਰੈਲ ਤੋਂ ਲਾਗੂ ਹੋ ਗਏ ਹਨ। ਇਸ ਪ੍ਰਮਾਣ ਪੱਤਰ ਨੂੰ ਪੁਲਿਸ ਇਜਾਜ਼ਤ ਪ੍ਰਮਾਣ ਪੱਤਰ ਵੀ ਕਿਹਾ ਜਾਂਦਾ ਹੈ। ਇਸ ਨੂੰ 4 ਫ਼ਰਵਰੀ ਤੋਂ ਜ਼ਰੂਰੀ ਬਣਾਇਆ ਗਿਆ ਸੀ।
ਕੰਮ ਕਰਨ ਦੇ ਲਈ ਯੂਏਈ ਜਾਣ ਵਾਲੇ ਕਿਸੇ ਭਾਰਤੀ ਨੂੰ ਨਜ਼ਦੀਕੀ ਪੁਲਿਸ ਥਾਣੇ ਤੋਂ ਲਿਆ ਗਿਆ ਇਹ ਪ੍ਰਮਾਣ ਪੱਤਰ ਪੇਸ਼ ਕਰਨਾ ਜ਼ਰੂਰੀ ਸੀ। ਇਸ ਵਿਚ ਇਹ ਦਿਖਾਇਆ ਜਾਂਦਾ ਸੀ ਕਿ ਪ੍ਰਮਾਣ ਪੱਤਰ ਧਾਰਕ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਅਤੇ ਇਹ ਅਜਿਹੇ ਕਿਸੇ ਮਾਮਲੇ ਵਿਚ ਦੋਸ਼ੀ ਨਹੀਂ ਰਿਹਾ। ਨਵੀਂ ਦਿੱਲੀ ਸਥਿਤ ਯੂਏਈ ਵੀਜ਼ਾ ਕੇਂਦਰ ਦੇ ਨਿਦੇਸ਼ਕ ਰੇਹਾਬ ਅਲੀ ਅਲ ਮਨਸੂਰੀ ਨੇ ਇਕ ਬਿਆਨ ਜਾਰੀ ਕਰਕੇ ਯੂਏਈ ਕੌਂਸਲਰ ਸੈਕਸ਼ਨ ਦੇ ਸਾਰੇ ਅਧਿਕਾਰਕ ਏਜੰਟਾਂ ਨੂੰ ਦਸਿਆ ਕਿ 2 ਅਪ੍ਰੈਲ ਤੋਂ ਵਰਕ ਵੀਜ਼ਾ ਲਈ ਅਸਥਾਈ ਰੂਪ ਨਾਲ ਪੁਲਿਸ ਇਜਾਜ਼ਤ ਪ੍ਰਮਾਣ ਪੱਤਰ ਦੀ ਲੋੜ ਖ਼ਤਮ ਕਰ ਦਿਤੀ ਗਈ ਹੈ।
ਯੂਏਈ ਦੂਤਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਨਿਯਮ ਭਾਰਤ ਅਤੇ ਪਾਕਿਸਤਾਨ ਸਮੇਤ ਕੁੱਝ ਸਾਰਕ ਦੇਸ਼ਾਂ ਦੇ ਨਾਗਰਿਕਾਂ ਲਈ ਲਾਗੂ ਹੋਣਗੇ। ਯੂਏਈ ਦੇ ਭਾਰਤ ਵਿਚ ਦਿੱਲੀ, ਮੁੰਬਈ ਅਤੇ ਤਿਰੂਵੰਤਪੁਰਮ ਕੁੱਲ ਤਿੰਨ ਵੀਜ਼ਾ ਕੇਂਦਰ ਹਨ। ਸਿਰਫ਼ ਦਿੱਲੀ ਸਥਿਤ ਕੇਂਦਰ ਨੇ ਪਿਛਲੇ ਸਾਲ ਕਰੀਬ 50 ਹਜ਼ਾਰ ਵੀਜ਼ੇ ਜਾਰੀ ਕੀਤੇ ਸਨ। ਜਦਕਿ ਪਿਛਲੇ ਸਾਲ ਕੁੱਲ 16 ਲੱਖ ਭਾਰਤੀ ਯੂਏਈ ਗਏ ਸਨ।
'ਗ਼ਲਫ਼ ਨਿਊਜ਼' ਮੁਤਾਬਕ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਨੂੰ ਇਹ ਅਸਥਾਈ ਰਾਹਤ ਦੇਣ ਦਾ ਫ਼ੈਸਲਾ ਯੂਏਈ ਕੈਬਨਿਟ ਦਾ ਹੈ। ਹਾਲਾਂਕਿ ਕੈਬਨਿਟ ਨੇ ਇਸ ਛੋਟ ਨੂੰ ਖ਼ਤਮ ਕਰਨ ਦੀ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਹੈ।
ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛੋਕੜ ਵਿਚ ਵਰਕ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਦੀ ਯੂਏਈ ਵਿਚ ਜਾਂਚ ਕੀਤੀ ਜਾਂਦੀ ਸੀ। ਅਰਜ਼ੀ ਕਰਤਾਵਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਫ਼ਰਵਰੀ ਵਿਚ ਇਕ ਬਦਲਾਅ ਕੀਤਾ ਗਿਆ ਸੀ ਤਾਂਕਿ ਉਹ ਜਲਦ ਤੋਂ ਜਲਦ ਯੂਏਈ ਪਹੁੰਚ ਕੇ ਕੰਮ ਸ਼ੁਰੂ ਕਰ ਸਕਣ।