ਸ਼੍ਰੀਲੰਕਾ ਨੇ ਕਰਫ਼ਿਊ ਤੋਂ ਬਾਅਦ ਹੁਣ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ 'ਚ ਐਮਰਜੈਂਸੀ ਤੋਂ ਬਾਅਦ ਸ਼ੁਰੂ ਹੋਇਆ ਮੌਲਿਕ ਅਧਿਕਾਰਾਂ ਦਾ ਘਾਣ

Photo

 

ਸ਼੍ਰੀਲੰਕਾ ਦੀ ਸਥਿਤੀ ਹੁਣ ਵਿਗੜਦੀ ਜਾ ਰਹੀ ਹੈ। ਸਰਕਾਰ ਨੇ ਹੁਣ ਐਮਰਜੈਂਸੀ ਲਗਾਉਣ ਤੋਂ ਬਾਅਦ ਉੱਥੋਂ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ 3 ਅਪ੍ਰੈਲ ਦੀ ਅੱਧੀ ਰਾਤ ਤੋਂ ਦੇਸ਼ ਵਿਆਪੀ ਸੋਸ਼ਲ ਮੀਡੀਆ ਬਲੈਕਆਊਟ ਕਰ ਦਿੱਤਾ ਹੈ। ਦੱਸ ਦੇਈਏ ਕਿ ਸ਼੍ਰੀਲੰਕਾ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਉੱਥੇ ਦੀ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰ ਰੋਜ਼ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ।

 

ਸੋਸ਼ਲ ਮੀਡੀਆ 'ਤੇ ਬਲੈਕਆਊਟ ਤੋਂ ਬਾਅਦ ਸਾਰੇ ਵੱਡੇ ਪਲੇਟਫਾਰਮਾਂ ਤੱਕ ਲੋਕਾਂ ਦੀ ਪਹੁੰਚ ਬੰਦ ਹੋ ਗਈ ਹੈ। ਇਸ ਕਾਰਨ ਫੇਸਬੁੱਕ, ਟਵਿੱਟਰ, ਵਟਸਐਪ, ਯੂਟਿਊਬ, ਸਨੈਪਚੈਟ, ਟਿੱਕਟੌਕ ਅਤੇ ਇੰਸਟਾਗ੍ਰਾਮ ਸਮੇਤ ਦੋ ਦਰਜਨ ਦੇ ਕਰੀਬ ਸੋਸ਼ਲ ਮੀਡੀਆ ਪਲੇਟਫਾਰਮ ਪ੍ਰਭਾਵਿਤ ਹੋਏ ਹਨ ਅਤੇ ਲੋਕ ਹੁਣ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। Netblox, ਡਿਜੀਟਲ ਅਧਿਕਾਰਾਂ ਲਈ ਗਲੋਬਲ ਇੰਟਰਨੈਟ ਮਾਨੀਟਰ, ਨੇ ਇੱਕ ਟਵੀਟ ਵਿੱਚ ਪੁਸ਼ਟੀ ਕੀਤੀ ਕਿ ਰੀਅਲ-ਟਾਈਮ ਨੈਟਵਰਕ ਡੇਟਾ ਦਿਖਾਉਂਦਾ ਹੈ ਕਿ ਸ਼੍ਰੀਲੰਕਾ ਨੇ ਦੇਸ਼ ਵਿਆਪੀ ਸੋਸ਼ਲ ਮੀਡੀਆ ਬਲੈਕਆਊਟ ਲਗਾਇਆ ਹੈ।

 

ਸਰਕਾਰ ਨੇ ਐਤਵਾਰ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਸ਼ਨੀਵਾਰ ਤੋਂ ਸੋਮਵਾਰ ਤੱਕ 36 ਘੰਟੇ ਦੇ ਕਰਫਿਊ ਦਾ ਐਲਾਨ ਕੀਤਾ ਸੀ ਕਿਉਂਕਿ ਦੇਸ਼ ਬਿਜਲੀ ਦੀ ਭਾਰੀ ਕਿੱਲਤ ਅਤੇ ਵਧਦੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ, 22 ਮਿਲੀਅਨ ਲੋਕਾਂ ਦਾ ਟਾਪੂ ਦੇਸ਼ ਦਿਨ ਵਿੱਚ 13 ਘੰਟੇ ਤੱਕ ਬਿਜਲੀ ਦੇ ਬਲੈਕਆਊਟ ਵਿੱਚੋਂ ਗੁਜ਼ਰ ਰਿਹਾ ਹੈ। ਉਥੇ ਲੰਡਨ ਸਥਿਤ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਨਤਕ ਸੁਰੱਖਿਆ ਦੇ ਨਾਂ 'ਤੇ ਐਮਰਜੈਂਸੀ ਦੀ ਸਥਿਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਬਹਾਨਾ ਨਹੀਂ ਹੋਣੀ ਚਾਹੀਦੀ।

 

ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਸ਼੍ਰੀਲੰਕਾ ਵਿੱਚ ਸਥਿਤੀ ਵਿਗੜ ਗਈ ਹੈ ਅਤੇ ਸਰਕਾਰ ਈਂਧਨ ਦੇ ਆਯਾਤ ਲਈ ਭੁਗਤਾਨ ਕਰਨ ਲਈ ਵਿਦੇਸ਼ੀ ਮੁਦਰਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਬਾਲਣ, ਰਸੋਈ ਗੈਸ ਲਈ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਦੇਸ਼ ਵਿੱਚ 13 ਘੰਟੇ ਬਿਜਲੀ ਕੱਟ ਹੈ, ਜਿਸ ਦੇ ਵਿਰੋਧ ਵਿੱਚ ਕੁਝ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਰਿਹਾਇਸ਼ ਦੇ ਬਾਹਰ ਹਿੰਸਕ ਵੀ ਹੋ ਗਏ।