Taiwan earthquake: ਤਾਇਵਾਨ 'ਚ 7.5 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ; ਸੁਨਾਮੀ ਦਾ ਅਲਰਟ ਜਾਰੀ
25 ਸਾਲਾਂ ਵਿਚ ਆਉਣ ਵਾਲਾ ਸੱਭ ਤੋਂ ਖਤਰਨਾਕ ਭੂਚਾਲ
Taiwan earthquake: ਤਾਇਵਾਨ ਦੇ ਪੂਰਬੀ ਹਿੱਸੇ 'ਚ ਜ਼ਬਰਦਸਤ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਦੱਖਣੀ ਜਾਪਾਨ ਦੇ ਕੁੱਝ ਹਿੱਸਿਆਂ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ ਭੂਚਾਲ ਵਿਚ ਹੁਣ ਤਕ 4 ਲੋਕਾਂ ਦੀ ਮੌਤ ਦੀ ਖ਼ਬਰ ਹੈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.4 ਸੀ, ਇਸ ਦਾ ਕੇਂਦਰ ਤਾਈਵਾਨ ਦੇ ਹੁਆਲੀਅਨ ਸ਼ਹਿਰ ਤੋਂ 18 ਕਿਲੋਮੀਟਰ (11 ਮੀਲ) ਦੱਖਣ ਵਿਚ 34.8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਦੀ ਤੀਬਰਤਾ 7.5 ਦੱਸੀ ਹੈ।
ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਦੇ ਅਨੁਸਾਰ, ਇਹ 25 ਸਾਲਾਂ ਵਿਚ ਤਾਈਵਾਨ ਵਿਚ ਆਉਣ ਵਾਲਾ ਸੱਭ ਤੋਂ ਖਤਰਨਾਕ ਭੂਚਾਲ ਹੈ। ਇਸ ਤੋਂ ਪਹਿਲਾਂ 1999 'ਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਸੀ।
ਤਾਈਵਾਨ 'ਚ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਜਾਪਾਨ ਦੇ ਦੱਖਣੀ ਟਾਪੂਆਂ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਦਿਤਾ। ਇਸ ਭੂਚਾਲ ਨੇ ਜਾਪਾਨ ਦੇ ਦੱਖਣੀ ਟਾਪੂ 'ਤੇ ਵੱਡੀ ਤਬਾਹੀ ਮਚਾਈ ਹੈ। ਇਥੇ ਕਈ ਇਮਾਰਤਾਂ ਢਹਿ ਗਈਆਂ। ਹਾਲਾਂਕਿ, ਪ੍ਰਭਾਵਿਤ ਲੋਕਾਂ ਨੂੰ ਅਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਗਈ ਹੈ। ਤਾਈਵਾਨ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਕਿਉਂਕਿ ਇਹ ਟਾਪੂ ਦੋ ਟੈਕਟੋਨਿਕ ਪਲੇਟਾਂ ਦੇ ਜੰਕਸ਼ਨ ਦੇ ਨੇੜੇ ਸਥਿਤ ਹੈ।
ਸਤੰਬਰ 1999 ਵਿਚ, ਤਾਈਵਾਨ ਵਿਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਟਾਪੂ ਦੇ ਇਤਿਹਾਸ ਵਿਚ ਸੱਭ ਤੋਂ ਘਾਤਕ ਕੁਦਰਤੀ ਆਫ਼ਤ ਵਿਚ ਲਗਭਗ 2,400 ਲੋਕ ਮਾਰੇ ਗਏ। ਜਾਪਾਨ ਵਿਚ ਹਰ ਸਾਲ ਲਗਭਗ 1,500 ਭੂਚਾਲ ਮਹਿਸੂਸ ਕੀਤੇ ਜਾਂਦੇ ਹਨ।
ਜਾਪਾਨ ਅਤੇ ਤਾਈਵਾਨ ਆਮ ਤੌਰ 'ਤੇ ਵਿਸ਼ੇਸ਼ ਨਿਰਮਾਣ ਤਕਨੀਕਾਂ ਅਤੇ ਸਖ਼ਤ ਇਮਾਰਤੀ ਨਿਯਮਾਂ ਕਾਰਨ ਵੱਡੇ ਭੂਚਾਲਾਂ ਤੋਂ ਘੱਟ ਨੁਕਸਾਨ ਝੱਲਦੇ ਹਨ। ਇਸ ਦੇ ਨਾਲ ਹੀ ਜਾਪਾਨ ਨੇ ਲੋੜ ਪੈਣ 'ਤੇ ਲੋਕਾਂ ਨੂੰ ਸੁਚੇਤ ਕਰਨ ਅਤੇ ਬਾਹਰ ਕੱਢਣ ਲਈ ਤਕਨੀਕ ਵੀ ਵਿਕਸਿਤ ਕੀਤੀ ਹੈ। ਜਾਪਾਨ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਭੂਚਾਲ ਮਾਰਚ 2011 ਵਿਚ ਜਾਪਾਨ ਦੇ ਉੱਤਰ-ਪੂਰਬੀ ਤੱਟ 'ਤੇ ਆਇਆ, ਜਿਸ ਨਾਲ ਸੁਨਾਮੀ ਆਈ ਅਤੇ ਲਗਭਗ 18,500 ਲੋਕ ਮਾਰੇ ਗਏ ਜਾਂ ਲਾਪਤਾ ਹੋਏ।
(For more Punjabi news apart from Taiwan hit by strongest earthquake in 25 years, buildings damaged, stay tuned to Rozana Spokesman)