ਕਾਨੋ, 2 ਮਈ : ਨਾਈਜੀਰੀਆ ਦੇ ਉੱਤਰ-ਪੂਰਬੀ ਹਿੱਸੇ 'ਚ ਮੰਗਲਵਾਰ ਨੂੰ ਇਕ ਮਸਜਿਦ ਅਤੇ ਬਾਜ਼ਾਰ 'ਚ ਹੋਏ ਆਤਮਘਾਤੀ ਬੰਬ ਧਮਾਕਿਆਂ ਵਿਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਆਤਮਘਾਤੀ ਹਮਲਿਆਂ ਪਿੱਛੇ ਨਾਈਜੀਰੀਆ ਦੇ ਅਤਿਵਾਦੀ ਸੰਗਠਨ ਬੋਕੋ ਹਰਾਮ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਬੋਕੋ ਹਰਾਮ ਨੇ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਜਾਣਕਾਰੀ ਮੁਤਾਬਕ ਧਮਾਕੇ ਐਡਮਾਵਾ ਸੂਬੇ ਦੀ ਰਾਜਧਾਨੀ ਯੋਲਾ ਤੋਂ ਲਗਭਗ 200 ਕਿਲੋਮੀਟਰ ਦੂਰ ਮੂਬੀ 'ਚ ਦੁਪਹਿਰ ਇਕ ਵਜੇ ਤੋਂ ਬਾਅਦ ਹੋਏ। ਨਾਈਜੀਰੀਅਨ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਚੇਅਰਮੈਨ ਇਮਾਮ ਗਾਰਕੀ ਨੇ ਦਸਿਆ ਕਿ ਪੁਲਿਸ ਅਤੇ ਰੈਡ ਕ੍ਰਾਸ ਮੁਤਾਬਕ 60 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਲਗਭਗ 56 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ 'ਚੋਂ 11 ਦੀ ਹਾਲਤ ਗੰਭੀਰ ਹੈ।
ਮੂਬੀ ਸ਼ਹਿਰ 'ਚ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਰਾਸ਼ਟਰਪਤੀ ਮੁਹੰਮਦੁ ਬਦਰੀ ਨੇ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਬੋਕੋ ਹਰਾਮ ਕੱਟੜਪੰਥੀ ਸੰਗਠਨ ਦੇ ਖ਼ਤਰੇ ਬਾਰੇ ਵੀ ਚਰਚਾ ਕੀਤੀ ਸੀ। ਘਟਨਾ ਤੋਂ ਬਾਅਦ ਇਕ ਪ੍ਰਤੱਖਦਰਸ਼ੀ ਨੇ ਕਿਹਾ ਉਸ ਨੇ ਲਗਭਗ 68 ਪੀੜਤਾਂ ਦੀਆਂ ਲਾਸ਼ਾਂ ਦਫਨਾÎਉਣ 'ਚ ਮਦਦ ਕੀਤੀ ਅਤੇ ਪੀੜਤਾਂ ਦੇ ਪਰਵਾਰਾਂ ਵਲੋਂ ਹੋਰ ਲਾਸ਼ਾਂ ਦਫ਼ਨਾਉਣ ਲਈ ਲਿਆਂਦੀਆਂ ਜਾ ਰਹੀਆਂ ਸਨ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਨਾਈਜੀਰੀਆ ਦੇ ਦੂਰ-ਦੁਰਾਡੇ ਪੂਰਬ-ਉੱਤਰ 'ਚ ਬੋਕੋ ਹਰਾਮ ਦੇ ਸ਼ੱਕੀ ਅਤਿਵਾਦੀਆਂ ਨੇ ਵੱਖ-ਵੱਖ ਹਮਲਿਆਂ 'ਚ 21 ਲੋਕਾਂ ਦੀ ਹਤਿਆ ਕਰ ਦਿਤੀ ਸੀ। (ਪੀਟੀਆਈ)