ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ, ਜਿੱਥੇ 5 ਮਿਲੀਅਨ ਤੋਂ ਵੱਧ ਮਰੇ ਹੋਏ ਲੋਕਾਂ ਨੂੰ ਦਫ਼ਨਾਇਆ ਜਾਂਦਾ ਹੈ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਕਬਰਸਤਾਨ ਦਾ ਨਾਂ 'ਵਾਦੀ-ਅਲ-ਸਲਾਮ' ਹੈ, ਜੋ ਇਰਾਕ ਦੇ ਨਜਫ ਸ਼ਹਿਰ 'ਚ ਸਥਿਤ ਹੈ

photo

 

ਇਰਾਕ : ਦੁਨੀਆਂ ਦੇ ਲਗਭਗ ਹਰ ਕੋਨੇ ਵਿਚ ਤੁਹਾਨੂੰ ਕਬਰਸਤਾਨ (ਚਾਹੇ ਛੋਟੇ ਜਾਂ ਵੱਡੇ) ਮਿਲਣਗੇ ਜਿਥੇ ਮਰੇ ਹੋਏ ਲੋਕਾਂ ਨੂੰ ਦਫ਼ਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਕਬਰਸਤਾਨ ਕਿੱਥੇ ਹੈ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਦੇ ਇਸ ਸਭ ਤੋਂ ਵੱਡੇ ਕਬਰਸਤਾਨ 'ਚ 50 ਲੱਖ ਤੋਂ ਜ਼ਿਆਦਾ ਮ੍ਰਿਤਕਾਂ ਨੂੰ ਦਫਨਾਇਆ ਗਿਆ ਹੈ। ਇਹ ਕਬਰਸਤਾਨ ਆਕਾਰ ਵਿਚ ਇਕ ਸ਼ਹਿਰ ਦੇ ਬਰਾਬਰ ਹੈ।

ਇਸ ਕਬਰਸਤਾਨ ਦਾ ਨਾਂ 'ਵਾਦੀ-ਅਲ-ਸਲਾਮ' ਹੈ, ਜੋ ਇਰਾਕ ਦੇ ਨਜਫ ਸ਼ਹਿਰ 'ਚ ਸਥਿਤ ਹੈ। 1485 ਏਕੜ 'ਚ ਫੈਲਿਆ ਇਹ ਕਬਰਸਤਾਨ 'ਵੈਲੀ ਆਫ ਪੀਸ' ਦੇ ਨਾਂ ਨਾਲ ਮਸ਼ਹੂਰ ਹੈ, ਜਿਸ ਨੂੰ ਲੱਖਾਂ ਲੋਕ ਦੇਖਣ ਆਉਂਦੇ ਹਨ।

ਦੱਸਿਆ ਜਾਂਦਾ ਹੈ ਕਿ ਇਸ ਕਬਰਸਤਾਨ ਵਿਚ ਹਰ ਰੋਜ਼ 200 ਦੇ ਕਰੀਬ ਮ੍ਰਿਤਕਾਂ ਨੂੰ ਦਫ਼ਨਾਇਆ ਜਾਂਦਾ ਹੈ। ਦਰਅਸਲ, ਇੱਥੇ ਇੰਨੇ ਜ਼ਿਆਦਾ ਅੱਤਵਾਦੀ ਹਮਲੇ ਹੁੰਦੇ ਹਨ ਕਿ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਮਾਰੇ ਜਾਂਦੇ ਹਨ। ਇਕ ਰਿਪੋਰਟ ਮੁਤਾਬਕ ISIS ਦੇ ਆਤੰਕ ਤੋਂ ਪਹਿਲਾਂ ਇੱਥੇ ਹਰ ਸਾਲ 100-120 ਦੇ ਕਰੀਬ ਮ੍ਰਿਤਕਾਂ ਨੂੰ ਦਫਨਾਇਆ ਜਾਂਦਾ ਸੀ ਪਰ ਅਜੋਕੇ ਸਮੇਂ 'ਚ ਹਰ ਰੋਜ਼ 150-200 ਲੋਕਾਂ ਨੂੰ ਦਫਨਾਇਆ ਜਾਂਦਾ ਹੈ।

ਇਸ ਕਬਰਸਤਾਨ ਵਿੱਚ ਇੱਕ ਮਕਬਰਾ ਵੀ ਬਣਾਇਆ ਗਿਆ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਆਈਐਸਆਈਐਸ ਵਿਰੁੱਧ ਲੜਨ ਵਾਲੇ ਲੜਾਕੇ ਇਸ ਮਕਬਰੇ ਵਿਚ ਆਉਂਦੇ ਹਨ ਅਤੇ ਸੁਖਣਾ ਮੰਗਦੇ ਹਨ ਕਿ ਜੇਕਰ ਉਹ ਲੜਾਈ ਵਿਚ ਮਰ ਜਾਣ ਤਾਂ ਉਨ੍ਹਾਂ ਨੂੰ ਇਸ ਕਬਰਸਤਾਨ ਵਿੱਚ ਦਫ਼ਨਾਇਆ ਜਾਵੇ।

ਇਹ ਕਬਰਸਤਾਨ ਸ਼ੀਆ ਮੁਸਲਮਾਨਾਂ ਵਿਚ ਬਹੁਤ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਭਰ ਦੇ ਸ਼ੀਆ ਆਪਣੇ ਆਪ ਨੂੰ ਦਫਨਾਉਣ ਲਈ ਇਸ ਜਗ੍ਹਾ ਨੂੰ ਤਰਜੀਹ ਦਿੰਦੇ ਹਨ। ਇਹ ਕਬਰਸਤਾਨ ਬਹੁਤ ਪੁਰਾਣਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਲੋਕਾਂ ਨੂੰ ਦਫ਼ਨਾਉਣ ਦਾ ਕੰਮ ਪਿਛਲੇ 1400 ਸਾਲਾਂ ਤੋਂ ਚੱਲ ਰਿਹਾ ਹੈ।