ਚੀਨ ਅਤੇ ਰੂਸ ਦੇ ਨਾਲ ਹੀ ਮਿੱਤਰ ਦੇਸ਼ ਭਾਰਤ ਅਤੇ ਜਾਪਾਨ ਵੀ ਕੋਸ ਗਏ ਅਮਰੀਕੀ ਰਾਸ਼ਟਰਪਤੀ, ਵ੍ਹਾਈਟ ਹਾਊਸ ਨੂੰ ਦੇਣੀ ਪਈ ਸਫ਼ਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਚੀਨ ਦੀਆਂ ਆਰਥਕ ਸਮੱਸਿਆਵਾਂ ਦਾ ਕਾਰਨ ਦੂਜੇ ਦੇਸ਼ ਦਾ ਨਾਲ ਨਫ਼ਰਤ ਹੈ : ਜੋ ਬਾਈਡਨ

Joe Biden

ਵ੍ਹਾਈਟ ਹਾਊਸ ਨੇ ਬਾਈਡਨ ਦਾ ਬਚਾਅ ਕੀਤਾ, ਕਿਹਾ ਅਮਰੀਕਾ ਵਾਂਗ ਕੋਈ ਹੋਰ ਦੇਸ਼ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਘਰ ਅਤੇ ਦਫ਼ਤਰ ‘ਵ੍ਹਾਈਟ ਹਾਊਸ’ ਨੇ ਰਾਸ਼ਟਰਪਤੀ ਜੋਅ ਬਾਈਡਨ ਦੀ ਉਸ ਟਿਪਣੀ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਪ੍ਰਵਾਸੀਆਂ ਦਾ ਦੇਸ਼ ਹੈ ਅਤੇ ਕੋਈ ਹੋਰ ਦੇਸ਼ ਪ੍ਰਵਾਸੀਆਂ ਦਾ ਅਮਰੀਕਾ ਵਾਂਗ ਸਵਾਗਤ ਨਹੀਂ ਕਰਦਾ। ਬਾਈਡਨ ਨੇ ਬੁਧਵਾਰ ਸ਼ਾਮ ਨੂੰ ਅਪਣੇ ਸਮਰਥਕਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਸੀ, ‘‘ਇਹ ਚੋਣਾਂ ਆਜ਼ਾਦੀ, ਅਮਰੀਕਾ ਅਤੇ ਲੋਕਤੰਤਰ ਬਾਰੇ ਹਨ, ਇਸ ਲਈ ਮੈਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਸਾਡੀ ਆਰਥਕਤਾ ਦੇ ਮਜ਼ਬੂਤ ਹੋਣ ਦਾ ਇਕ ਕਾਰਨ ਤੁਸੀਂ ਅਤੇ ਹੋਰ ਬਹੁਤ ਸਾਰੇ ਲੋਕ ਹਨ। ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ।’’ 

ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰ ਬਾਈਡਨ ਨੇ ਕਿਹਾ, ‘‘ਇਸ ਬਾਰੇ ਸੋਚੋ। ਚੀਨ ਇੰਨੀ ਬੁਰੀ ਤਰ੍ਹਾਂ ਕਿਉਂ ਰੁਕ ਜਿਹਾ ਗਿਆ ਹੈ, ਜਾਪਾਨ ਨੂੰ ਕਿਉਂ ਪ੍ਰੇਸ਼ਾਨੀ ਹੋ ਰਹੀ ਹੈ, ਰੂਸ (ਨੂੰ) ਕਿਉਂ (ਪ੍ਰੇਸ਼ਾਨੀ ਹੋ ਰਹੀ) ਹੈ, ਭਾਰਤ (ਨੂੰ) ਕਿਉਂ (ਪ੍ਰੇਸ਼ਾਨੀ ਹੋ ਰਹੀ) ਹੈ, ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਵਿਦੇਸ਼ੀਆਂ ਵਿਰੁਧ ਨਫ਼ਰਤ ਕਰਦੇ ਹਨ। ਉਹ ਪ੍ਰਵਾਸੀ ਨਹੀਂ ਚਾਹੁੰਦੇ।’’ 

ਹਾਲਾਂਕਿ ਅਮਰੀਕਾ ’ਚ ਬਾਈਡਨ ਦੀਆਂ ਟਿਪਣੀਆਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਟਰੰਪ ਪ੍ਰਸ਼ਾਸਨ ’ਚ ਅਮਰੀਕਾ ਦੇ ਸਾਬਕਾ ਉਪ ਸਹਾਇਕ ਰਖਿਆ ਮੰਤਰੀ ਐਲਬ੍ਰਿਜ ਕੋਲਬੀ ਨੇ ਟਵਿੱਟਰ ’ਤੇ ਲਿਖਿਆ, ‘‘ਜਾਪਾਨ ਅਤੇ ਭਾਰਤ ਸਾਡੇ ਦੋ ਸਭ ਤੋਂ ਮਜ਼ਬੂਤ ਅਤੇ ਮਹੱਤਵਪੂਰਨ ਸਹਿਯੋਗੀ ਹਨ। ਸਾਨੂੰ ਉਨ੍ਹਾਂ ਨਾਲ ਸਤਿਕਾਰ ਨਾਲ ਗੱਲ ਕਰਨੀ ਚਾਹੀਦੀ ਹੈ, ਜਿਸ ਦੇ ਉਹ ਹੱਕਦਾਰ ਹਨ। ਆਪਣੇ ਸਹਿਯੋਗੀਆਂ ’ਤੇ ਸੰਕੀਰਣ ਪ੍ਰਗਤੀਸ਼ੀਲ ਵਿਚਾਰਾਂ ਨੂੰ ਲਾਗੂ ਕਰਨਾ ਹੰਕਾਰ ਅਤੇ ਮੂਰਖਤਾ ਹੈ।’’ 

ਭਾਰਤ ਅਤੇ ਜਾਪਾਨ ‘ਕੁਆਡ’ (ਚਹੁੰਪਾਸੜ ਸੁਰੱਖਿਆ ਸੰਵਾਦ) ਦੇ ਮੈਂਬਰ ਹਨ। ਚਾਰ ਮੈਂਬਰੀ ਰਣਨੀਤਕ ਸਮੂਹ ਵਿਚ ਅਮਰੀਕਾ ਅਤੇ ਆਸਟਰੇਲੀਆ ਵੀ ਸ਼ਾਮਲ ਹਨ। ਰਾਸ਼ਟਰਪਤੀ ਦੇ ਇਸ ਟਿਪਣੀ ’ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ‘ਵ੍ਹਾਈਟ ਹਾਊਸ’ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰੀਨ ਜੀਨ ਪਿਏਰੇ ਨੇ ਬੁਧਵਾਰ ਨੂੰ ਇਕ ਪ੍ਰੋਗਰਾਮ ਵਿਚ ਬਾਈਡਨ ਦੀ ਟਿਪਣੀ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਰਾਸ਼ਟਰਪਤੀ ਵਿਆਪਕ ਬਿੰਦੂ ’ਤੇ ਗੱਲਬਾਤ ਕਰ ਰਹੇ ਹਨ। 

ਉਨ੍ਹਾਂ ਨੇ ਵੀਰਵਾਰ ਨੂੰ ਅਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਸਾਡੇ ਸਹਿਯੋਗੀ ਅਤੇ ਭਾਈਵਾਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਰਾਸ਼ਟਰਪਤੀ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਜਾਪਾਨ ਦੇ ਸੰਦਰਭ ’ਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਉਨ੍ਹਾਂ (ਜਾਪਾਨ) ਨੇ ਹਾਲ ਹੀ ’ਚ ਇੱਥੇ ਸਰਕਾਰੀ ਦੌਰਾ ਕੀਤਾ ਹੈ। ਅਮਰੀਕਾ-ਜਾਪਾਨ ਸਬੰਧ ਮਹੱਤਵਪੂਰਨ ਹਨ। ਇਹ ਇਕ ਡੂੰਘਾ ਅਤੇ ਸਥਾਈ ਗੱਠਜੋੜ ਹੈ।’’ 

ਉਨ੍ਹਾਂ ਕਿਹਾ, ‘‘ਬਾਈਡਨ ਨੇ ਇਸ ਬਾਰੇ ਵਿਆਪਕ ਨੁਕਤੇ ’ਤੇ ਟਿਪਣੀ ਕੀਤੀ ਸੀ ਕਿ ਇਸ ਦੇਸ਼ ਵਿਚ ਪ੍ਰਵਾਸੀਆਂ ਦਾ ਹੋਣਾ ਕਿੰਨਾ ਮਹੱਤਵਪੂਰਨ ਹੈ ਅਤੇ ਉਹ ਸਾਡੇ ਦੇਸ਼ ਨੂੰ ਕਿਵੇਂ ਮਜ਼ਬੂਤ ਬਣਾਉਂਦੇ ਹਨ। ਉਹ ਇਸ ਬਾਰੇ ਗੱਲ ਕਰ ਰਿਹਾ ਸੀ।’’ ਪਿਅਰੇ ਨੇ ਕਿਹਾ, ‘‘ਭਾਰਤ ਅਤੇ ਜਾਪਾਨ ਨਾਲ ਸਾਡੇ ਸਬੰਧ ਬੇਸ਼ਕ ਮਜ਼ਬੂਤ ਹਨ ਅਤੇ ਜੇਕਰ ਤੁਸੀਂ ਪਿਛਲੇ ਤਿੰਨ ਸਾਲਾਂ ਨੂੰ ਦੇਖੋ ਤਾਂ ਰਾਸ਼ਟਰਪਤੀ ਨੇ ਨਿਸ਼ਚਤ ਤੌਰ ’ਤੇ ਉਨ੍ਹਾਂ ਕੂਟਨੀਤਕ ਸਬੰਧਾਂ ’ਤੇ ਧਿਆਨ ਕੇਂਦਰਿਤ ਕੀਤਾ ਹੈ।’’