ਭਾਰਤੀ ਮੂਲ ਦੀ ਹਰੀਨੀ ਲੋਗਨ ਨੇ ਰਚਿਆ ਇਤਿਹਾਸ, ਜਿੱਤਿਆ Scripps National Spelling Bee ਮੁਕਾਬਲਾ
26 'ਚੋਂ 21 ਸ਼ਬਦਾਂ ਦਾ ਕੀਤਾ ਸਹੀ ਉਚਾਰਨ, ਜੇਤੂ ਹਰੀਨੀ ਲੋਗਨ ਨੂੰ ਮਿਲੀ 50,000 ਡਾਲਰ ਦੀ ਇਨਾਮੀ ਰਾਸ਼ੀ
ਵਾਸ਼ਿੰਗਟਨ : ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਹਰੀਨੀ ਲੋਗਨ ਨੇ ਅਮਰੀਕਾ ਵਿਚ ਇਤਿਹਾਸ ਰਚਿਆ ਹੈ। ਲੋਗਨ ਨੇ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਵਿਚ ਆਪਣੇ ਪਹਿਲੇ ਸਪੈਲ-ਆਫ ਮੁਕਾਬਲੇ ਵਿੱਚ ਖਿਤਾਬ ਜਿੱਤਿਆ।
ਜਾਣਕਾਰੀ ਅਨੁਸਾਰ ਇਹ ਇੱਕ ਅਜਿਹਾ ਫਾਰਮੈਟ ਹੈ ਜਿਸ ਵਿੱਚ ਮੁਕਾਬਲੇਬਾਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਹ 90 ਸਕਿੰਟਾਂ ਦੇ ਅੰਦਰ ਕਿੰਨੇ ਸ਼ਬਦਾਂ ਦਾ ਸਹੀ ਉਚਾਰਨ ਕਰ ਸਕਦੇ ਹਨ। ਹਰੀਨੀ ਲੋਗਨ ਨੇ 26 ਵਿਚੋਂ 21 ਸ਼ਬਦਾਂ ਦਾ ਸਹੀ ਉਚਾਰਨ ਕਰ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਹਰੀਨੀ ਲੋਗਨ 13 ਸਾਲ ਦੀ ਹੈ ਅਤੇ ਉਹ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ।
ਉਸ ਨੂੰ ਰਚਨਾਤਮਕ ਲਿਖਤਾਂ ਲਿਖਣਾ ਪਸੰਦ ਹੈ ਅਤੇ ਉਹ ਹਾਈ ਸਕੂਲ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਸ਼ਬਦ ਸਿੱਖਣ ਤੋਂ ਇਲਾਵਾ ਉਹ ਪਿਆਨੋ, ਰਿਕਾਰਡਰ ਅਤੇ ਗਿਟਾਰ ਵਜਾਉਣ ਦਾ ਆਨੰਦ ਲੈਂਦੀ ਹੈ। ਜੇਤੂ ਹਰੀਨੀ ਲੋਗਨ ਨੇ ਟ੍ਰਾਫ਼ੀ ਦੇ ਨਾਲ-ਨਾਲ 50,000 ਡਾਲਰ ਦਾ ਇਨਾਮ ਵੀ ਜਿੱਤਿਆ ਹੈ।
ਦੱਸ ਦੇਈਏ ਕਿ ਇਸ ਵਿਚ ਹਰੀਨੀ ਲੋਗਨ ਦਾ ਮੁਕਾਬਲਾ 12 ਸਾਲ ਦੇ ਵਿਕਰਮ ਰਾਜੂ ਨਾਲ ਹੋਇਆ। ਵਿਕਰਮ ਰਾਜੂ ਨੇ ਦੂਜੇ ਸਥਾਨ ਹਾਸਲ ਕੀਤਾ ਅਤੇ ਉਸ ਨੂੰ 25,000 ਡਾਲਰ ਦਾ ਇਨਾਮ ਪ੍ਰਾਪਤ ਹੋਇਆ ਹੈ। ਇਹ ਇਨਾਮੀ ਰਾਸ਼ੀ ਮੈਰਿਅਮ-ਵੈਬਸਟਰ ਅਤੇ ਐਨਸਾਈਕਲੋਪਡੀਆ ਬ੍ਰਿਟੈਨਿਕਾ ਤੋਂ ਵੀ ਪ੍ਰਦਾਨ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਵਿਕਰਮ ਰਾਜੂ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ ਹਰੀਨੀ ਲੋਗਨ ਚਾਰ ਸ਼ਬਦ ਖੁੰਝ ਗਈ ਪਰ ਉਨ੍ਹਾਂ ਵਿਚ ਇੱਕ ਅਜਿਹਾ ਸ਼ਬਦ ਸੀ ਜਿਸ ਨੇ ਉਸ ਨੂੰ ਖਿਤਾਬ ਜਿੱਤਾ ਦਿੱਤਾ। ਹਰੀਨੀ ਨੇ 26 ਵਿੱਚੋਂ 21 ਸ਼ਬਦਾਂ ਦਾ ਸਹੀ ਉਚਾਰਨ ਕੀਤਾ, ਜਦਕਿ ਵਿਕਰਮ ਨੇ 19 ਵਿੱਚੋਂ 15 ਸ਼ਬਦਾਂ ਦਾ ਸਹੀ ਉਚਾਰਨ ਕੀਤਾ।